ਕੇਦਾਰਨਾਥ ਧਾਮ ਯਾਤਰਾ – ਨਵੇਂ ਯਾਤਰੂਆਂ ਲਈ ਪਾਬੰਦੀ – ਰਜਿਸਟ੍ਰੇਸ਼ਨ 15 ਜੂਨ ਤੱਕ ਰੋਕੀ – ਸ਼੍ਰੀ ਹੇਮਕੁੰਟ ਸਾਹਿਬ ਲਈ ਸੀਨੀਅਰ ਨਾਗਰਿਕਾਂ ਅਤੇ ਛੋਟੇ ਬੱਚਿਆਂ ਨੂੰ ਬਰਫ ਪਿਘਲਣ ਤੱਕ ਯਾਤਰਾ ਨਾ ਕਰਨ ਦੀ ਅਪੀਲ

ਉਤਰਾਖੰਡ ਸਰਕਾਰ ਨੇ ਖਰਾਬ ਮੌਸਮ ਅਤੇ ਸ਼ਰਧਾਲੂਆਂ ਦੀ ਗਿਣਤੀ ਵਧਣ ਕਾਰਨ ਕੇਦਾਰਨਾਥ ਧਾਮ ਯਾਤਰਾ ਲਈ ਆਨਲਾਈਨ ਨਵੀਂ ਰਜਿਸਟ੍ਰੇਸ਼ਨ ‘ਤੇ ਪਾਬੰਦੀ 15 ਜੂਨ ਤੱਕ ਵਧਾ ਦਿੱਤੀ ਹੈ। ਹੁਣ ਸ਼ਰਧਾਲੂ 16 ਜੂਨ ਤੋਂ ਬਾਅਦ ਹੀ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾ ਸਕਣਗੇ।

ਇਸ ਵਾਰ ਚਾਰਧਾਮ ਯਾਤਰਾ ‘ਚ ਮੌਸਮ ਦੀਆਂ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ, ਇਸ ਦੇ ਬਾਵਜੂਦ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਖਾਸ ਕਰਕੇ ਕੇਦਾਰਨਾਥ ਧਾਮ ਵਿੱਚ ਠਹਿਰਣ ਲਈ ਸੀਮਤ ਥਾਂਵਾਂ ਹਨ ਪਰ ਇਸ ਤੋਂ ਕਈ ਗੁਣਾ ਜ਼ਿਆਦਾ ਸ਼ਰਧਾਲੂ ਪਹੁੰਚ ਰਹੇ ਹਨ। ਇਸ ਕਾਰਨ ਨਵੀਂ ਰਜਿਸਟ੍ਰੇਸ਼ਨ ‘ਤੇ ਰੋਕ ਲਗਾਉਣੀ ਪਈ। ਇਸ ਤੋਂ ਪਹਿਲਾਂ 3 ਜੂਨ ਤੱਕ ਔਫਲਾਈਨ ਅਤੇ ਔਨਲਾਈਨ ਰਜਿਸਟ੍ਰੇਸ਼ਨ ‘ਤੇ ਪਾਬੰਦੀ ਲਗਾਈ ਗਈ ਸੀ।

ਸ਼ਰਧਾਲੂਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਮੌਸਮ ਦੀ ਜਾਣਕਾਰੀ ਲੈ ਕੇ ਯਾਤਰਾ ਸ਼ੁਰੂ ਕਰਨ। ਵਿਚਕਾਰ ਮੀਂਹ ਪੈ ਰਿਹਾ ਹੈ ਅਤੇ ਬਰਫ਼ਬਾਰੀ ਹੋ ਰਹੀ ਹੈ। ਜੇਕਰ ਯਾਤਰੀਆਂ ਨੂੰ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਯਾਤਰਾ ਦੇ ਸੰਚਾਲਨ ਨਾਲ ਜੁੜੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਸਰਕਾਰ ਦੀ ਕੋਸ਼ਿਸ਼ ਹੈ ਕਿ ਚਾਰਧਾਮ ਆਉਣ ਵਾਲੇ ਸ਼ਰਧਾਲੂਆਂ ਦੀ ਯਾਤਰਾ ਨਿਰਵਿਘਨ ਅਤੇ ਸੁਰੱਖਿਅਤ ਹੋਵੇ।
-ਪੁਸ਼ਕਰ ਸਿੰਘ ਧਾਮੀ, ਮੁੱਖ ਮੰਤਰੀ

ਕੇਦਾਰਨਾਥ: ਮੀਂਹ ਕਾਰਨ 12.30 ਤੋਂ ਬਾਅਦ ਸੋਨਪ੍ਰਯਾਗ ਵਿੱਚ ਯਾਤਰੀ ਰੁਕ ਗਏ
ਰੁਕ-ਰੁਕ ਕੇ ਹੋ ਰਹੀ ਬਾਰਸ਼ ਕਾਰਨ 12.30 ਵਜੇ ਤੋਂ ਬਾਅਦ ਯਾਤਰੀਆਂ ਨੂੰ ਸੋਨਪ੍ਰਯਾਗ ਤੋਂ ਕੇਦਾਰਨਾਥ ਨਹੀਂ ਭੇਜਿਆ ਗਿਆ। ਇਸ ਤੋਂ ਪਹਿਲਾਂ ਸਵੇਰੇ 3 ਵਜੇ ਤੋਂ ਦੁਪਹਿਰ 12 ਵਜੇ ਤੱਕ 8296 ਸ਼ਰਧਾਲੂ ਧਾਮ ਲਈ ਰਵਾਨਾ ਹੋਏ।

ਬੁੱਧਵਾਰ ਸਵੇਰੇ 11 ਵਜੇ ਜਦੋਂ ਮੀਂਹ ਸ਼ੁਰੂ ਹੋਇਆ ਤਾਂ ਪ੍ਰਸ਼ਾਸਨ ਨੇ 12.30 ਵਜੇ ਤੋਂ ਬਾਅਦ ਯਾਤਰੀਆਂ ਨੂੰ ਸੋਨਪ੍ਰਯਾਗ ਤੋਂ ਧਾਮ ਲਈ ਨਹੀਂ ਭੇਜਿਆ। ਸੈਕਟਰ ਮੈਜਿਸਟਰੇਟ ਨੀਰਜ ਰਾਵਤ ਨੇ ਦੱਸਿਆ ਕਿ ਸਾਢੇ ਤਿੰਨ ਹਜ਼ਾਰ ਯਾਤਰੀ ਸੋਨਪ੍ਰਯਾਗ ਵਿੱਚ ਰੁਕੇ ਹੋਏ ਹਨ। ਦੂਜੇ ਪਾਸੇ ਕੇਦਾਰਨਾਥ ਵਿੱਚ ਵੀ ਬਾਰਿਸ਼ ਜਾਰੀ ਹੈ।
ਭਾਰੀ ਮੀਂਹ ਕਾਰਨ ਅੱਜ ਦੁਪਹਿਰ ਵੇਲੇ ਓਜ਼ਰੀ-ਡਾਬਰਕੋਟ ਦੇ ਲੈਂਡਸਲਾਈਡ ਜ਼ੋਨ ’ਤੇ ਪੱਥਰ ਅਤੇ ਮਲਬਾ ਡਿੱਗਣ ਕਾਰਨ ਆਵਾਜਾਈ ਠੱਪ ਹੋ ਗਈ ਹੈ। ਸਥਿਤੀ ਦੇ ਮੱਦੇਨਜ਼ਰ, ਜ਼ਿਲ੍ਹਾ ਪ੍ਰਸ਼ਾਸਨ ਨੇ ਯਮੁਨੋਤਰੀ ਧਾਮ ਦੇ ਸ਼ਰਧਾਲੂਆਂ ਨੂੰ ਪਾਲੀਗੜ ਵਿੱਚ ਜ਼ਮੀਨ ਖਿਸਕਣ ਵਾਲੇ ਖੇਤਰ ਤੋਂ ਲਗਭਗ ਸੱਤ ਕਿਲੋਮੀਟਰ ਪਹਿਲਾਂ ਹੀ ਰੋਕ ਦਿੱਤਾ ਹੈ।

ਮੌਸਮ ਦੀ ਗੜਬੜੀ ਕਾਰਨਸ਼੍ਰੀ ਹੇਮਕੁੰਟ ਸਾਹਿਬ ਟਰੱਸਟ ਅਤੇ ਪ੍ਰਸ਼ਾਸਨ ਨੇ ਸਾਰੇ ਸੀਨੀਅਰ ਨਾਗਰਿਕਾਂ ਅਤੇ ਛੋਟੇ ਬੱਚਿਆਂ ਤੋਂ ਬਰਫ ਪਿਘਲਣ ਤੱਕ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਨਾਲ ਹੀ ਯਾਤਰਾ ਕਰ ਰਹੀ ਸੰਗਤ ਨੂੰ ਸਾਵਧਾਨੀ ਵਰਤਣ ਦੀ ਵੀ ਅਪੀਲ ਕੀਤੀ ਗਈ ਹੈ। ਸ਼੍ਰੀ ਹੇਮਕੁੰਟ ਸਾਹਿਬ ਵਿਖੇ 20 ਮਈ ਨੂੰ ਪਹਿਲਾ ਜੱਥਾ ਪੁੱਜਿਆ ਸੀ।
ਗੁਰਦੁਆਰਿਆਂ ਅਤੇ ਧਰਮਸ਼ਾਲਾਵਾਂ ਵਿੱਚ ਰਹਿਣ ਦਾ ਪ੍ਰਬੰਧ
ਇਸ ਤੋਂ ਇਲਾਵਾ ਟਰੱਸਟ ਕੋਲ ਹਰਿਦੁਆਰ, ਰਿਸ਼ੀਕੇਸ਼, ਸ੍ਰੀਨਗਰ, ਜੋਸ਼ੀਮੱਠ, ਗੋਵਿੰਦਘਾਟ, ਗੋਵਿੰਦ ਧਾਮ (ਘਗੜੀਆ) ਤੋਂ ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੀ ਸੰਗਤ ਲਈ ਇਨ੍ਹਾਂ ਦੇ ਸਾਰੇ ਗੁਰਦੁਆਰਿਆਂ ਅਤੇ ਧਰਮਸ਼ਾਲਾਵਾਂ ਵਿੱਚ ਰਹਿਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ।