ਹੇਮਕੁੰਟ ਸਾਹਿਬ ਯਾਤਰਾ ਤੇ ਗਏ ਦੋ ਸ਼ਰਧਾਲੂਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ – ਇੱਕ ਯਾਤਰੀ ਪੰਜਾਬ ਨਾਲ ਅਤੇ ਦੂਜਾ ਝਾਰਖੰਡ ਨਾਲ ਸਬੰਧਿਤ

ਐਤਵਾਰ ਅਤੇ ਸੋਮਵਾਰ ਸਵੇਰੇ ਹੇਮਕੁੰਟ ਸਾਹਿਬ ਯਾਤਰਾ ਰੂਟ ‘ਤੇ ਦੋ ਸ਼ਰਧਾਲੂਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇੱਕ ਯਾਤਰੀ ਰਾਤ ਨੂੰ ਹੋਟਲ ਵਿੱਚ ਸੌਂ ਗਿਆ ਸੀ ਅਤੇ ਸਵੇਰੇ ਨਹੀਂ ਉੱਠਿਆ ਜਦੋਂ ਕਿ ਦੂਜਾ ਯਾਤਰੀ ਅਚਾਨਕ ਬਿਮਾਰ ਹੋ ਗਿਆ ਸੀ। ਹੁਣ ਤੱਕ ਹੇਮਕੁੰਟ ਆਉਣ ਵਾਲੇ ਤਿੰਨ ਸ਼ਰਧਾਲੂਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਹੈ।

ਪ੍ਰਬੰਧਕਾਂ ਨੇ ਸਿੱਖ ਸੰਗਤਾਂ ਨੂੰ ਪਹਿਲਾਂ ਹੀ ਅਪੀਲ ਕੀਤੀ ਸੀ ਕਿ ਮੌਸਮ ਦੀ ਸਥਿਤੀ ਕਾਰਨ ਦਿੱਲ ਦੇ ਰੋਗਾਂ , ਸਾਹ ਨਾਲ ਪੀੜਤ ਵਿਅਕਤੀ ਅਤੇ ਛੋਟੇ ਬੱਚੇ ਅਤੇ ਬਜ਼ੁਰਗ ਹਾਲੇ ਯਾਤਰਾ ਤੇ ਨਾ ਆਉਣ

ਅਮਨਪ੍ਰੀਤ ਸਿੰਘ ਗਿੱਲ (25) ਪੁੱਤਰ ਕੁਲਵਿੰਦਰ ਸਿੰਘ ਵਾਸੀ ਨੀਲਾ ਮਸਜਿਦ ਦਿਆਲਪੁਰ ਨਗਰ, ਥਾਣਾ ਜ਼ੀਰਕਪੁਰ, ਜ਼ਿਲ੍ਹਾ ਮੁਹਾਲੀ ਐਤਵਾਰ ਨੂੰ ਆਪਣੇ ਦੋਸਤਾਂ ਸਮੇਤ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਆਇਆ ਹੋਇਆ ਸੀ। ਸੋਮਵਾਰ ਸਵੇਰੇ ਉਸ ਦੇ ਸਾਥੀਆਂ ਨੇ ਘੰਗੜੀਆ ਦੇ ਇੱਕ ਹੋਟਲ ਦੇ ਕਮਰੇ ਵਿੱਚ ਸੁੱਤੇ ਪਏ ਅਮਨਪ੍ਰੀਤ ਸਿੰਘ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਜਾਗਿਆ। ਉਹ ਉਸ ਨੂੰ ਗੁਰਦੁਆਰਾ ਸਾਹਿਬ ਸਥਿਤ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸੇ ਦੌਰਾਨ ਲਖਵਿੰਦਰ ਸਿੰਘ (60) ਵਾਸੀ 2-6 ਰੋਡ ਨੰਬਰ 4, ਟੈਲਕੋ ਕਲੋਨੀ ਨੇੜੇ ਗਲਮੋਹਰ ਹਾਈ ਸਕੂਲ, ਝਾਰਖੰਡ ਜੋ ਕਿ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਗਿਆ ਹੋਇਆ ਸੀ, ਅਚਾਨਕ ਬਿਮਾਰ ਹੋ ਗਿਆ। ਉਸ ਨੂੰ ਕੰਢੀ ਦੀ ਮਦਦ ਨਾਲ ਘੰਗੜੀਆ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਘੰਗਰੀਆ ਪੁਲੀਸ ਚੌਕੀ ਦੇ ਇੰਚਾਰਜ ਨਰਿੰਦਰ ਕੋਟਿਆਲ ਨੇ ਦੱਸਿਆ ਕਿ ਮੁੱਢਲੇ ਤੌਰ ’ਤੇ ਦੋਵਾਂ ਸ਼ਰਧਾਲੂਆਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਜਾਪਦੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 21 ਮਈ ਨੂੰ ਵੀ ਇੱਕ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।