ਅੰਮ੍ਰਿਤਸਰ ਤੋਂ ਮਾਤਾ ਵੈਸ਼ਨੋ ਦੇਵੀ (ਕਟੜਾ) ਜਾ ਰਹੀ ਬੱਸ ਖੱਡ ‘ਚ ਡਿੱਗੀ – 10 ਮੌਤਾਂ – ਸੋਮਵਾਰ ਨੂੰ ਵੀ ਵੱਖ ਵੱਖ ਥਾਵਾਂ ਤੇ ਵਾਪਰੇ ਦਰਦਨਾਕ ਹਾਦਸਿਆਂ ਵਿੱਚ 22 ਵਿਅਕਤੀਆਂ ਦੀ ਜਾਨ ਗਈ – ਰਾਸ਼ਟਰਪਤੀ , ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ – ਮੁਆਵਜ਼ੇ ਦਾ ਐਲਾਨ

 

ਅੰਮ੍ਰਿਤਸਰ ਤੋਂ ਵੈਸ਼ਨੋ ਦੇਵੀ (ਕਟੜਾ) ਜਾ ਰਹੀ ਬੱਸ ਨੰਬਰ UP81CT-3537 ਦਾ ਜੰਮੂ ਜ਼ਿਲ੍ਹੇ ਦੇ ਕਟੜਾ ਤੋਂ ਕਰੀਬ 15 ਕਿਲੋਮੀਟਰ ਦੂਰ ਝੱਜਰ ਕੋਟਲੀ ਨੇੜੇ ਨੈਸ਼ਨਲ ਹਾਈਵੇਅ 44 ‘ਤੇ ਖੱਡ ‘ਚ ਡਿਗਣ ਨਾਲ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਤੋਂ ਵੱਧ ਵਿਅਕਤੀਆਂ ਦੇ ਜਖਮੀ ਹੋਣ ਦੀ ਸੂਚਨਾ ਹੈ।

ਦੱਸਿਆ ਜਾ ਰਿਹਾ ਹੈ ਕਿ ਬੱਸ ਨੰਬਰ UP81CT-3537 ਅੰਮ੍ਰਿਤਸਰ ਤੋ ਵੈਸ਼ਨੋ ਦੇਵੀ (ਕਟੜਾ) ਜਾ ਰਹੀ ਸੀ। ਬੱਸ ਵਿੱਚ 50 ਤੋਂ ਵੱਧ ਯਾਤਰੀ ਸਵਾਰ ਸਨ। ਜਿਵੇਂ ਹੀ ਬੱਸ ਨੈਸ਼ਨਲ ਹਾਈਵੇਅ 44 ‘ਤੇ ਝੱਜਰ ਕੋਟਲੀ ਕੋਲ ਪਹੁੰਚੀ ਤਾਂ ਬੱਸ ਕੰਟਰੋਲ ਗੁਆ ਕੇ ਬੱਸ ਪੁਲ ਤੋਂ ਹੇਠਾਂ ਡਿੱਗ ਗਈ। ਇਸ ਹਾਦਸੇ ‘ਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 59 ਯਾਤਰੀ ਜ਼ਖਮੀ ਹਨ। ਜ਼ਖਮੀਆਂ ਦਾ ਜੰਮੂ ਦੇ ਮੈਡੀਕਲ ਕਾਲਜ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਛੇ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਚਾਰ ਦੀ ਹੀ ਜੀਐਮਸੀ ਜੰਮੂ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਬੱਸ ਡਰਾਈਵਰ ਵੀ ਸ਼ਾਮਲ ਹੈ।

ਸੀਆਰਪੀਐਫ ਅਧਿਕਾਰੀ ਅਸ਼ੋਕ ਚੌਧਰੀ ਨੇ ਮੀਡੀਆ ਨੂੰ ਦੱਸਿਆ ਕਿ ਜਿਵੇਂ ਹੀ ਸਾਨੂੰ ਸਵੇਰੇ ਹਾਦਸੇ ਦੀ ਸੂਚਨਾ ਮਿਲੀ। ਤੁਰੰਤ ਸਾਡੀ ਟੀਮ ਇੱਥੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਟੀਮ ਵੀ ਸਾਡੇ ਨਾਲ ਬਚਾਅ ਕਾਰਜ ਵਿੱਚ ਲੱਗੀ ਹੋਈ ਹੈ। ਸੀਆਰਪੀਐਫ, ਪੁਲਿਸ ਅਤੇ ਹੋਰ ਟੀਮਾਂ ਵੀ ਇੱਥੇ ਮੌਜੂਦ ਹਨ। ਬਚਾਅ ਕਾਰਜ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਬਿਹਾਰ ਦੇ ਲੋਕ ਸਵਾਰ ਸਨ ਜੋ ਕਟੜਾ ਜਾ ਰਹੇ ਸਨ।

ਸੋਮਵਾਰ ਨੂੰ ਵੱਖ ਵੱਖ ਥਾਵਾਂ ਤੇ ਵਾਪਰੇ ਦਰਦਨਾਕ ਹਾਦਸਿਆਂ ਵਿੱਚ 22 ਵਿਅਕਤੀਆਂ ਦੀ ਜਾਨ ਚਲੀ ਗਈ

ਕਰਨਾਟਕ ਵਿੱਚ ਸੋਮਵਾਰ ਨੂੰ ਇੱਕ ਸੜਕ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਰਨਾਟਕ ਦੇ ਮੁੱਖ ਮੰਤਰੀ ਨੇ ਦਿਲ ਦਹਿਲਾ ਦੇਣ ਵਾਲੀ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਘਟਨਾ ‘ਤੇ ਸੋਗ ਪ੍ਰਗਟ ਕਰਦੇ ਹੋਏ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਘਟਨਾ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ। ਮੈਸੂਰ ‘ਚ ਸੜਕ ਹਾਦਸੇ ‘ਚ ਬੱਚਿਆਂ ਦੀ ਵੀ ਮੌਤ ਹੋ ਗਈ ਹੈ। ਦੁਖੀ ਪਰਿਵਾਰ ਪ੍ਰਤੀ ਮੇਰੀ ਸੰਵੇਦਨਾ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ।
ਇਹ ਘਟਨਾ ਸੋਮਵਾਰ ਨੂੰ ਟੀ ਨਰਸੀਪੁਰਾ ਦੇ ਕੋਲੇਗਲਾ-ਟੀ ਨਰਸੀਪੁਰਾ ਹਾਈਵੇਅ ‘ਤੇ ਵਾਪਰੀ। ਹਾਈਵੇਅ ‘ਤੇ ਬੱਸ ਅਤੇ ਕਾਰ ਦੀ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਕੁਚਲ ਗਈ, ਜਿਸ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ। ਉਥੇ ਤਿੰਨ ਲੋਕ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਇਸ ਘਟਨਾ ਵਿੱਚ ਸੱਤ ਹੋਰ ਲੋਕਾਂ ਦੀ ਵੀ ਮੌਤ ਹੋ ਗਈ। ਬੱਸ ਕੋਲੇਗਲ ਵੱਲ ਜਾ ਰਹੀ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਮੈਂ ਇਸ ਘਟਨਾ ਤੋਂ ਦੁਖੀ ਹਾਂ। ਮੇਰੇ ਵਿਚਾਰ ਉਨ੍ਹਾਂ ਪਰਿਵਾਰਾਂ ਨਾਲ ਹਨ ਜਿਨ੍ਹਾਂ ਨੇ ਆਪਣੇ ਨਜ਼ਦੀਕੀਆਂ ਨੂੰ ਗੁਆ ਦਿੱਤਾ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਪ੍ਰਧਾਨ ਮੰਤਰੀ ਨੇ ਪੀਐਮ ਫੰਡ ਵਿੱਚੋਂ ਮ੍ਰਿਤਕਾਂ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਖਮੀਆਂ ਲਈ ਮੁਆਵਜ਼ੇ ਦਾ ਐਲਾਨ ਵੀ ਕੀਤਾ ਹੈ।
ਜ਼ਖ਼ਮੀਆਂ ਦੇ ਸਹੀ ਇਲਾਜ ਲਈ ਹਦਾਇਤਾਂ ਦਿੱਤੀਆਂ
ਇਸ ਦੇ ਨਾਲ ਹੀ ਮੁੱਖ ਮੰਤਰੀ ਸਿੱਧਰਮਈਆ ਨੇ ਵੀ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਸਿੱਧਰਮਈਆ ਨੇ ਟਵੀਟ ਕਰਕੇ ਮ੍ਰਿਤਕਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਸੂਰ ਜ਼ਿਲ੍ਹੇ ਦੇ ਟੀ ਨਰਸੀਪੁਰਾ ਨੇੜੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿਸ ਕਾਰਨ ਮੈਂ ਬਹੁਤ ਦੁਖੀ ਹਾਂ। ਇਸ ਘਟਨਾ ‘ਚ 10 ਲੋਕਾਂ ਦੀ ਮੌਤ ਹੋ ਗਈ। ਮੁੱਖ ਮੰਤਰੀ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ਖਮੀਆਂ ਦਾ ਢੁੱਕਵਾਂ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਰਾਜਿਸਥਾਨ ਦੇ ਉਦੈਪੁਰਵਤੀ ਇਲਾਕੇ ‘ਚ ਸੋਮਵਾਰ ਨੂੰ ਮਾਨਸਾ ਮਾਤਾ ਮੰਦਰ ‘ਚ ਯੱਗ ਅਤੇ ਭੰਡਾਰੇ ਵਿੱਚ ਸ਼ਾਮਲ ਹੋ ਕੇ ਟਰੈਕਟਰ-ਟਰਾਲੀ ਤੋਂ ਆ ਰਹੇ ਲੋਕ ਹਾਦਸੇ ਦਾ ਸ਼ਿਕਾਰ ਹੋ ਗਏ। ਟਰੈਕਟਰ-ਟਰਾਲੀ ਕਰੀਬ 80 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੀ। ਇਸ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ 50 ਤੋਂ ਵੱਧ ਲੋਕ ਜ਼ਖਮੀ ਹੋ ਗਏ।
ਪੁਲੀਸ ਅਨੁਸਾਰ ਜ਼ਖ਼ਮੀਆਂ ਨੇ ਦੱਸਿਆ ਕਿ ਟਰੈਕਟਰ ਢਲਾਨ ’ਤੇ ਖੜ੍ਹਾ ਸੀ। ਇਸ ਦੌਰਾਨ ਇਸ ਵਿੱਚ ਕੋਈ ਡਰਾਈਵਰ ਨਾ ਹੋਣ ਕਾਰਨ ਅਚਾਨਕ ਟਰੈਕਟਰ ਬੇਕਾਬੂ ਹੋ ਗਿਆ ਅਤੇ ਕਰੀਬ 80 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗਾ। ਮੰਦਰ ਵਿੱਚ ਦੁਰਗਾ ਮਾਤਾ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ। ਮੰਦਰ ਵਿੱਚ 24 ਮਈ ਤੋਂ ਧਾਰਮਿਕ ਸਮਾਗਮ ਚੱਲ ਰਹੇ ਹਨ

ਯੂਪੀ ਦੇ ਕਨੌਜ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਨਾਲ ਹੀ ਤਿੰਨ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਕਨੌਜ ਜ਼ਿਲ੍ਹੇ ਦੇ ਤਿਰਵਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਲਖਨਊ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਪਰਤ ਰਹੇ ਇੱਕ ਪਰਿਵਾਰ ਦੀ ਕਾਰ ਐਕਸਪ੍ਰੈਸ ਵੇਅ ਉੱਤੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਹਾਦਸੇ ‘ਚ ਪਤੀ-ਪਤਨੀ ਸਮੇਤ ਚਾਰ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਜ਼ਖਮੀ ਹੋ ਗਏ। ਡਰਾਈਵਰ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ।

 

ਤਸਵੀਰਾਂ – ਟਵੀਟਰ ਸ਼ੋਸ਼ਲ ਮੀਡੀਆ