ਚੰਡੀਗੜ੍ਹ ਵਿੱਚ ਇਲੈਕਟ੍ਰਿਕ ਅਤੇ ਹਾਈਬ੍ਰਿਡ ਵਾਹਨਾਂ ਲਈ 5 ਸਾਲਾਂ ਲਈ ਰੋਡ ਟੈਕਸ ਮੁਆਫ – ਪੜ੍ਹੋ ਕਦੋਂ ਤੱਕ ਲਾਗੂ ਰਹੇਗੀ ਸਕੀਮ
ਚੰਡੀਗੜ੍ਹ ‘ਚ ਇਲੈਕਟ੍ਰਿਕ ਵਹੀਕਲਜ਼ (EV) ਨੂੰ ਉਤਸ਼ਾਹਿਤ ਕਰਨ ਲਈ ਯੂਟੀ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਅਗਲੇ ਪੰਜ ਸਾਲਾਂ ਲਈ ਈਵੀਜ਼ ਲਈ ਰੋਡ ਟੈਕਸ ਮੁਆਫ਼ ਕਰ ਦਿੱਤਾ ਹੈ। ਟਰਾਂਸਪੋਰਟ ਸਕੱਤਰ ਨਿਤਿਨ ਯਾਦਵ ਨੇ ਵੀਰਵਾਰ ਨੂੰ ਇਸ ਸਬੰਧ ‘ਚ ਹੁਕਮ ਜਾਰੀ ਕੀਤੇ ਹਨ।
ਹੁਕਮਾਂ ਦੇ ਅਨੁਸਾਰ, ਬੈਟਰੀ ਨਾਲ ਚੱਲਣ ਵਾਲੇ ਸਾਰੇ ਵਾਹਨ, ਇਲੈਕਟ੍ਰਿਕ ਅਤੇ ਹਾਈਬ੍ਰਿਡ ਵਾਹਨ (ਮਜ਼ਬੂਤ ਹਾਈਬ੍ਰਿਡ ਅਤੇ ਪਲੱਗ-ਇਨ ਹਾਈਬ੍ਰਿਡ) ਨੂੰ ਰੋਡ ਟੈਕਸ ਤੋਂ ਛੋਟ ਦਿੱਤੀ ਜਾਵੇਗੀ। ਇਸ ਨਾਲ ਡਰਾਈਵਰਾਂ ਨੂੰ ਕਾਫੀ ਰਾਹਤ ਮਿਲੇਗੀ ਕਿਉਂਕਿ ਟਰਾਂਸਪੋਰਟ ਵਿਭਾਗ ਵੱਲੋਂ 20 ਲੱਖ ਰੁਪਏ ਤੱਕ ਦੇ ਸਾਰੇ ਵਾਹਨਾਂ ‘ਤੇ 6 ਫੀਸਦੀ ਅਤੇ 20 ਲੱਖ ਰੁਪਏ ਤੋਂ ਵੱਧ ਦੀ ਕੀਮਤ ਵਾਲੇ ਵਾਹਨਾਂ ‘ਤੇ ਅੱਠ ਫੀਸਦੀ ਰੋਡ ਟੈਕਸ ਵਸੂਲਿਆ ਜਾਂਦਾ ਹੈ। ।
ਪ੍ਸ਼ਾਸਨ ਵੱਲੋਂ ਜਾਰੀ ਇਹ ਹੁਕਮ 18 ਮਾਰਚ 2023 ਤੋਂ 17 ਮਾਰਚ 2028 ਤੱਕ ਲਾਗੂ ਰਹਿਣਗੇ। ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਰੋਡ ਟੈਕਸ ਮੁਆਫ਼ ਕਰਨ ਦਾ ਮਕਸਦ ਲੋਕਾਂ ਨੂੰ ਈਵੀਜ਼ ਖਰੀਦਣ ਲਈ ਪ੍ਰੇਰਿਤ ਕਰਨਾ ਹੈ ਕਿਉਂਕਿ ਇਸ ਨਾਲ ਪ੍ਰਦੂਸ਼ਣ ਘਟੇਗਾ ਅਤੇ ਸ਼ਹਿਰ ਦੀ ਹਰਿਆਲੀ ਬਚੇਗੀ। ਇਹ ਹੁਕਮ ਪ੍ਰਸ਼ਾਸਨ ਵੱਲੋਂ 20 ਸਤੰਬਰ 2022 ਨੂੰ ਲਾਗੂ ਕੀਤੀ ਗਈ ਈਵੀ ਨੀਤੀ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਜਾਰੀ ਕੀਤਾ ਗਿਆ ਹੈ।
ਸੰਕੇਤਕ ਤਸਵੀਰ / ਸ਼ੋਸ਼ਲ ਮੀਡੀਆ