2000 ਰੁਪਏ ਦੇ ਨੋਟਾਂ ਦੀ ਅੱਜ ਹੋਈ ਅੰਤਿਮ ਯਾਤਰਾ ਆਰੰਭ – ਬਿਨਾ ਸਬੂਤ ਤੋਂ ਨੋਟ ਬਦਲਣ ਲਈ ਬੈਂਕ ਹਾਲੇ “ਦੋ – ਚਿਤੀ” ਵਿਚ – SBI ਤੋਂ ਬਾਅਦ PNB ਨੇ ਵੀ ਦਿੱਤੀ ਛੋਟ – ਪੜ੍ਹੋ ਬੈਂਕਾਂ ਦੇ ਬਾਹਰ ਕਿਉਂ ਨਹੀਂ ਲੱਗੀਆਂ ਲੰਬੀਆਂ ਲਾਈਨਾਂ
ਗੁਲਾਬੀ ਰੰਗ ਦੇ 2000 ਰੁਪਏ ਦੇ ਨੋਟਾਂ ਦੀ ਅੱਜ ਅੰਤਿਮ ਯਾਤਰਾ ਆਰੰਭ ਹੋ ਗਈ , ਆਰ ਬੀ ਆਈ ਨੇ ਇਹਨਾਂ ਨੋਟਾਂ ਨੂੰ 2018 ਤੋਂ ਹੀ ਛਾਪਣਾ ਬੰਦ ਕਰ ਦਿੱਤਾ ਸੀ ਅਤੇ ਹੁਣ ਚਲਤ ਕਰੰਸੀ ਦੇ 10.8 ਪ੍ਰਤੀਸ਼ਤ ਹਿੱਸੇ ਦੇ 2000 ਰੁਪਏ ਦੇ ਨੋਟਾਂ ਨੂੰ 23 ਮਈ ਤੋਂ 30 ਸਤੰਬਰ ਤੱਕ ਵਾਪਸ ਲੈਣ ਦਾ ਐਲਾਨ ਕੀਤਾ ਸੀ। ਨੀਤੀ ਅਨੁਸਾਰ ਤੁਸੀਂ ਆਪਣੇ ਖਾਤੇ ਵਿੱਚ ਜਿੰਨੇ ਮਰਜ਼ੀ ਨ ਜਮ੍ਹਾ ਕਰਵਾ ਸਕਦੇ ਹੋ ਪਰ ਇੱਕ ਦਿਨ ਵਿੱਚ ਲੋਕ 2000 ਰੁਪਏ ਦੇ 10 ਨੋਟ ਹੀ ਬਦਲ ਸਕਦੇ ਹਨ ਯਾਨੀ 20 ਹਜ਼ਾਰ ਰੁਪਏ।
2,000 ਰੁਪਏ ਦੇ ਨੋਟਾਂ ਨੂੰ ਛੋਟੇ ਮੁੱਲਾਂ ਵਿੱਚ ਬਦਲਣ ਦੀ ਕਵਾਇਦ ਦੇ ਪਹਿਲੇ ਦਿਨ ਮੰਗਲਵਾਰ ਨੂੰ ਕੁਝ ਬੈਂਕ ਸ਼ਾਖਾਵਾਂ ਵਿੱਚ ਛੋਟੀਆਂ ਕਤਾਰਾਂ ਦੇਖੀਆਂ ਗਈਆਂ। ਆਰਬੀਆਈ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ 2,000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਸਹੂਲਤ ਅੱਜ ਯਾਨੀ ਮੰਗਲਵਾਰ ਤੋਂ ਦਿੱਤੀ ਜਾ ਰਹੀ ਹੈ। ਕੋਈ ਵਿਅਕਤੀ ਬਿਨਾਂ ਕੋਈ ਫਾਰਮ ਜਾਂ ਮੰਗ ਪੱਤਰ ਭਰੇ ਇੱਕ ਵਾਰ ਵਿੱਚ 20,000 ਜਾਂ 2,000 ਰੁਪਏ ਦੇ ਦਸ ਨੋਟ ਬਦਲ ਸਕਦਾ ਹੈ। ਨੋਟ ਬਦਲਣ ਵਾਲੇ ਵਿਅਕਤੀ ਨੂੰ ਆਪਣੀ ਪਛਾਣ ਦਾ ਕੋਈ ਸਬੂਤ ਪੇਸ਼ ਕਰਨ ਦੀ ਵੀ ਲੋੜ ਨਹੀਂ ਹੈ। ਮੰਗਲਵਾਰ ਨੂੰ ਜਦੋਂ ਬੈਂਕਾਂ ਦੀਆਂ ਸ਼ਾਖਾਵਾਂ ਖੁੱਲ੍ਹੀਆਂ ਤਾਂ ਨੋਟ ਬਦਲਣ ਲਈ ਕਾਊਂਟਰਾਂ ‘ਤੇ ਕੋਈ ਖਾਸ ਭੀੜ ਨਹੀਂ ਸੀ।
ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ (SBI) ਨੇ ਸਪੱਸ਼ਟ ਕੀਤਾ ਸੀ ਕਿ ਲੋਕਾਂ ਨੂੰ 2000 ਰੁਪਏ ਦੇ ਨੋਟ ਬਦਲਣ ਲਈ ਕੋਈ ਫਾਰਮ ਜਾਂ ਪਰਚੀ ਨਹੀਂ ਭਰਨੀ ਪਵੇਗੀ। ਲੋਕ ਆਪਣੀ ਨਜ਼ਦੀਕੀ ਬੈਂਕ ਸ਼ਾਖਾ ਵਿੱਚ ਜਾ ਕੇ ਆਸਾਨੀ ਨਾਲ ਨੋਟ ਬਦਲ ਸਕਦੇ ਹਨ। ਨੋਟ ਜਮ੍ਹਾ ਕਰਵਾਉਣ ਲਈ ਆਰਬੀਆਈ ਦੇ ਬੈਂਕਿੰਗ ਡਿਪਾਜ਼ਿਟ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਇੱਕ ਦਿਨ ਵਿੱਚ ਲੋਕ 2000 ਰੁਪਏ ਦੇ 10 ਨੋਟ ਬਦਲ ਸਕਦੇ ਹਨ ਯਾਨੀ 20 ਹਜ਼ਾਰ ਰੁਪਏ। ਨੋਟ ਬਦਲਣ ਲਈ ਲੋਕਾਂ ਨੂੰ ਕੋਈ ਆਈਡੀ ਨਹੀਂ ਦਿਖਾਉਣੀ ਪਵੇਗੀ।
ਹੁਣ ਪੰਜਾਬ ਨੈਸ਼ਨਲ ਬੈਂਕ ਦੇ ਪ੍ਰਬੰਧਕਾਂ ਨੇ ਵੀ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਬੈਂਕ ਵੱਲੋਂ 2000 ਰੁਪਏ ਨੋਟ ਦੇ ਆਦਾਨ-ਪ੍ਰਦਾਨ ਵਿੱਚ ਕਿਸੇ ਵੀ ਆਧਾਰ ਕਾਰਡ ਦੀ ਜਾ ਕਿਸੇ ਦਸਤਾਵੇਜ਼ (ਓਵੀਡੀ) ਦੀ ਲੋੜ ਨਹੀਂ ਹੈ ਨਾ ਹੀ ਕਿਸੇ ਵੀ ਫਾਰਮ ਨੂੰ ਭਰਨ ਦੀ ਲੋੜ ਹੈ। ਇਸ ਸਬੰਧ ਵਿੱਚ ਬੈਂਕ ਦੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ।
ਪਰ ਬਹੁਤੇ ਬੈਂਕ ਲੋਕਾਂ ਕੋਲੋਂ ਸਬੂਤ ਮੰਗਦੇ ਵੇਖੇ ਗਏ , ਅਧਿਕਾਰੀਆਂ ਨੇ ਕਿਹਾ ਕਿ ਅੱਜ ਉਹਨਾਂ ਨੂੰ ਇਸ ਸਬੰਦੀ ਕੋਈ ਸੰਦੇਸ਼ ਪ੍ਰਾਪਤ ਨਹੀਂ ਹੋਇਆ। ਸਪਸ਼ਟ ਹਦਾਇਤਾਂ ਆਉਣ ਤੋਂ ਬਾਅਦ ਹੀ ਨਿਯਮ ਲਾਗੂ ਹੋਣਗੇ। ਸਮਝਿਆ ਜਾ ਰਿਹਾ ਅਜਿਹੀ ਸਥਿਤੀ ਕਾਰਨ ਹੀ ਬੈਂਕਾ ਵਿੱਚ ਬਹੁਤਾ ਰਸ਼ ਨਜ਼ਰ ਨਹੀਂ ਆਇਆ।