ਕਰਨਾਟਕ ਵਿੱਚ ਕਾਂਗਰਸ ਸਰਕਾਰ ਨੇ ਸੰਭਾਲੀ ਰਾਜ ਗੱਦੀ – ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਦੇ ਕਈ ਮੁੱਖ ਮੰਤਰੀਆਂ ਨੇ ਕੀਤੀ ਸ਼ਿਰਕਤ

ਬੰਗਲੁਰੂ – ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਸਹੁੰ ਚੁੱਕ ਸਮਾਗਮ

ਅੱਜ ਕਾਂਗਰਸ ਦੇ ਸੀਨੀਅਰ ਨੇਤਾ ਸਿੱਧਰਮਈਆ ਨੇ ਕਰਨਾਟਕ ਦੇ 30ਵੇਂ ਮੁੱਖ ਮੰਤਰੀ ਵਜੋਂ ਅਤੇ ਡੀਕੇ ਸ਼ਿਵਕੁਮਾਰ ਨੇ ਨਵੀਂ ਸਰਕਾਰ ਵਿੱਚ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਇਲਾਵਾ ਮੰਤਰੀ ਮੰਡਲ ਵਿੱਚ ਅੱਠ ਹੋਰ ਵਿਧਾਇਕ ਸ਼ਾਮਲ ਕੀਤੇ ਗਏ ਹਨ । 

ਕਰਨਾਟਕ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਤੋਂ ਇਲਾਵਾ ਵਿਧਾਇਕ ਸਤੀਸ਼ ਜਰਕੀਹੋਲੀ, ਡਾ: ਜੀ. ਪਰਮੇਸ਼ਵਰ, ਕੇ.ਐਚ.ਮੁਨੀਅੱਪਾ, ਕੇਜੇ ਜਾਰਜ ਅਤੇ ਐਮਬੀ ਪਾਟਿਲ ਨੇ ਨਵੀਂ-ਚੁਣੀ ਹੋਈ ਕਰਨਾਟਕ ਸਰਕਾਰ ਵਿੱਚ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ।

ਬੰਗਲੁਰੂ ਵਿੱਚ ਹੋਏ ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੂ ਖੜਗੇ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਇਲਾਵਾ  ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ ਸਟਾਲਿਨ, ਮੱਕਲ ਨੀਧੀ ਮਾਇਮ ਦੇ ਮੁਖੀ ਕਮਲ ਹਸਨ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ਿਰਕਤ ਕੀਤੀ।

 

ਤਸਵੀਰਾਂ – ਸ਼ੋਸ਼ਲ ਮੀਡੀਆ