Gas Leak ਲੁਧਿਆਣਾ ਦੇ ਗਿਆਸਪੁਰਾ ਇਲਾਕੇ ‘ਚ ਗੈਸ ਲੀਕ ਕਾਰਨ ਮਰਨ ਵਾਲੇ ਤਿੰਨ ਪਰਿਵਾਰਾਂ ਨਾਲ ਸਬੰਧਿਤ – ਪੰਜਾਬ ਸਰਕਾਰ ਵਲੋਂ ਆਰਥਿਕ ਮਦਦ ਦਾ ਐਲਾਨ – ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ  – ਪੁਲਿਸ ਵਲੋਂ ਕੇਸ ਦਰਜ਼

ਲੁਧਿਆਣਾ ਦੇ ਗਿਆਸਪੁਰਾ ਵਿੱਚ ਲੀਕ ਹੋਈ ਗੈਸ ਕਾਰਨ ਮਰਨ ਵਾਲੇ 11 ਮ੍ਰਿਤਕਾਂ ਵਿੱਚੋਂ 10 ਮ੍ਰਿਤਕਾਂ ਦਾ ਸਬੰਧ ਤਿੰਨ ਪਰਿਵਾਰਾਂ ਨਾਲ ਹੈ। ਜਦੋ ਕਿ 11 ਵੇ ਮ੍ਰਿਤਕ ਦੀ ਹਾਲੇ ਪਹਿਚਾਣ ਨਹੀਂ ਹੋ ਸਕੀ।

ਇਲਾਕੇ ‘ਚ ਸਵੇਰੇ ਸਾਢੇ ਸੱਤ ਵਜੇ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ‘ਚੋਂ ਦਸ ਲੋਕ ਤਿੰਨ ਪਰਿਵਾਰਾਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਐਨਡੀਆਰਐਫ ਦੀਆਂ ਟੀਮਾਂ ਜਾਂਚ ਕਰ ਰਹੀਆਂ ਹਨ। ਗਿਆਸਪੁਰਾ ਗੈਸ ਲੀਕ ਦੀ ਘਟਨਾ ਵਿੱਚ ਤਿੰਨ ਪਰਿਵਾਰਾਂ ਦੇ 10 ਲੋਕਾਂ ਦੀ ਮੌਤ ਹੋ ਗਈ ਹੈ। 11ਵਾਂ ਵਿਅਕਤੀ (25 ਸਾਲਾ ਪੁਰਸ਼) ਅਜੇ ਅਣਪਛਾਤਾ ਹੈ।

ਪੰਜਾਬ ਸਰਕਾਰ ਵਲੋਂ ਸਥਾਨਕ ਗਿਆਸਪੁਰਾ ਇਲਾਕੇ ਵਿੱਚ ਗੈਸ ਲੀਕ ਹੋਣ ਕਾਰਨ ਵਾਪਰੀ ਮੰਦਭਾਗੀ ਘਟਨਾ ਵਿੱਚ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਦੋ-ਦੋ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਗੰਭੀਰ ਰੂਪ ਵਿੱਚ ਬਿਮਾਰ ਹੋਏ ਅਤੇ ਇਲਾਜ ਅਧੀਨ ਪੀੜਤਾਂ ਨੂੰ 50,000 ਰੁਪਏ ਦੀ ਰਾਸ਼ੀ ਅਤੇ ਮੁਫ਼ਤ ਇਲਾਜ ਦਿੱਤਾ ਜਾਵੇਗਾ।

ਘਟਨਾ ਸਥੱਲ ਅਤੇ ਸਿਵਲ ਹਸਪਤਾਲ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਉਹ ਹਸਪਤਾਲ ਵਿੱਚ ਦਾਖਲ ਪੀੜ੍ਹਤਾਂ ਦੇ ਵਧੀਆ ਇਲਾਜ ਨੂੰ ਯਕੀਨੀ ਬਣਾਉਣ ਲਈ ਇੱਥੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਹੋਰ ਪ੍ਰਭਾਵਿਤ ਪਰਿਵਾਰਾਂ ਦੇ ਸਹਿਯੋਗ ਲਈ ਤੱਤਪਰ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਦਾਖ਼ਲ ਵਿਅਕਤੀਆਂ ਵਿੱਚੋਂ ਚਾਰ ਦੀ ਹਾਲਤ ਖਤਰੇ ਤੋਂ ਬਾਹਰ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਦੁਖਦਾਈ ਘਟਨਾ ਲਈ ਜਿੰਮੇਵਾਰ ਵਿਅਕਤੀਆਂ ਵਿਰੁੱਧ ਮਿਸਾਲੀ ਕਾਰਵਾਈ ਕੀਤੀ ਜਾਵੇਗੀ। ਬਾਅਦ ਵਿੱਚ ਸਿਹਤ ਮੰਤਰੀ ਨੇ ਗਿਆਸਪੁਰਾ ਵਿੱਚ ਪ੍ਰਭਾਵਿਤ ਖੇਤਰ ਦਾ ਦੌਰਾ ਵੀ ਕੀਤਾ।

ਇਸ ਘਟਨਾ ਦਾ ਪਤਾ ਲੱਗਦਿਆਂ ਹੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੇ ਨਾਲ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ, ਐਨ.ਡੀ.ਆਰ.ਐਫ., ਪੀ.ਪੀ.ਸੀ.ਬੀ., ਲੁਧਿਆਣਾ ਦੇ ਹੋਰ ਅਧਿਕਾਰੀ ਮੌਕੇ ‘ਤੇ ਪੁੱਜੇ। ਐਨ.ਡੀ.ਆਰ.ਐਫ. ਟੀਮ ਵੱਲੋਂ ਵਰਤੇ ਗਏ ਏਅਰ ਕੁਆਲਿਟੀ ਸੈਂਸਰਾਂ ਵਿੱਚ ਹਾਈਡ੍ਰੋਜਨ ਸਲਫਾਈਡ ਗੈਸ ਦੇ ਉੱਚ ਪੱਧਰ ਦਾ ਪਤਾ ਲਗਾਇਆ ਗਿਆ ਹੈ ਅਤੇ ਇਹ ਵੀ ਘੋਖ ਪੜ੍ਹਤਾਲ ਕੀਤੀ ਜਾ ਰਹੀ ਹੈ ਕਿ ਇਸੇ ਗੈਸ ਕਾਰਨ ਹੀ ਇਹ ਦੁਖਦਾਈ ਘਟਨਾ ਵਾਪਰੀ ਹੈ। ਨਗਰ ਨਿਗਮ ਲੁਧਿਆਣਾ ਦੀ ਟੀਮ ਵੀ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ ਕਿ ਅੱਗੇ ਤੋਂ ਕੋਈ ਰਸਾਇਣਕ ਗੰਦਗੀ ਨਾ ਹੋਵੇ।

Image

ਗਿਆਸਪੁਰਾ 33 ਫੁੱਟਾ ਰੋਡ ‘ਤੇ ਗੋਇਲ ਕੋਲਡਰਿੰਕ ਨਾਮ ਦੀ ਕਰਿਆਨੇ ਦੀ ਦੁਕਾਨ ਹੈ, ਇਸ ਦੇ ਨਾਲ ਹੀ ਡਾ: ਕਵੀਲਾਸ਼ ਦਾ ਆਰਤੀ ਕਲੀਨਿਕ ਵੀ ਹੈ। ਇਸ ਦੇ ਨਾਲ ਹੀ ਨਵਨੀਤ ਕੁਮਾਰ ਦਾ ਘਰ ਹੈ। ਜ਼ਹਿਰੀਲੀ ਗੈਸ ਦਾ ਅਸਰ ਐਤਵਾਰ ਸਵੇਰੇ ਕਰੀਬ ਸੱਤ ਵਜੇ ਸ਼ੁਰੂ ਹੋਇਆ। ਇਹ ਪ੍ਰਭਾਵ ਸਭ ਤੋਂ ਪਹਿਲਾਂ ਗੋਇਲ ਕਰਿਆਨਾ ਸਟੋਰ ਨੇੜੇ ਹੋਇਆ। ਦੁਕਾਨ ਵਿੱਚ ਮੌਜੂਦ ਸੌਰਵ ਗੋਇਲ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ। ਜਿਸ ਤੋਂ ਬਾਅਦ ਰੌਲਾ ਪਿਆ ਤਾਂ ਉਸ ਦਾ ਭਰਾ ਗੌਰਵ ਗੋਇਲ ਅਤੇ ਹੋਰ ਪਰਿਵਾਰਕ ਮੈਂਬਰ ਵੀ ਹੇਠਾਂ ਆ ਗਏ। ਹੇਠਾਂ ਆਉਂਦੇ ਹੀ ਉਹ ਬੇਹੋਸ਼ ਹੋ ਗਏ। ਇਸ ‘ਤੇ ਹੰਗਾਮਾ ਹੋ ਗਿਆ। ਨਵਨੀਤ ਕੁਮਾਰ ਅਤੇ ਉਸ ਦੀ ਪਤਨੀ ਹੇਠਾਂ ਸਨ, ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿੱਚ ਵੀ ਤਕਲੀਫ਼ ਹੋ ਰਹੀ ਸੀ। ਜਿਸ ਤੋਂ ਬਾਅਦ ਉਸ ਨੇ ਆਪਣੀ ਬੇਟੀ ਅਤੇ ਭਰਾ ਨੂੰ ਹੇਠਾਂ ਬੁਲਾਇਆ ਤਾਂ ਉਹ ਵੀ ਬੇਹੋਸ਼ ਹੋ ਗਏ।

ਡਾਕਟਰ ਕਵੀਲਾਸ਼ ਦਾ ਘਰ ਵੀ ਦੁਕਾਨ ਦੇ ਉੱਪਰ ਹੈ, ਇਸ ਲਈ ਉਹ ਜਲਦੀ ਹੀ ਕਲੀਨਿਕ ਖੋਲ੍ਹਦਾ ਹੈ। ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਉਸ ਦਾ ਪੂਰਾ ਪਰਿਵਾਰ ਵੀ ਹੇਠਾਂ ਵੱਲ ਨੂੰ ਭੱਜਿਆ ਅਤੇ ਉਹ ਸਾਰੇ ਉੱਥੇ ਹੀ ਬੇਹੋਸ਼ ਹੋ ਗਏ। ਜਦੋਂ ਗੈਸ ਦਾ ਅਸਰ ਵਧਣ ਲੱਗਾ ਤਾਂ ਲੋਕਾਂ ਨੇ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੀਸੀਆਰ ਕਰਮਚਾਰੀ ਟੈਂਗੋ 42 ਦੇ ਕਰਮਚਾਰੀ ਉਥੇ ਪਹੁੰਚ ਗਏ। ਇਨ੍ਹਾਂ ਵਿੱਚੋਂ ਇੱਕ ਸਾਵਨ ਕੁਮਾਰ ਜ਼ਖ਼ਮੀ ਨੂੰ ਬਚਾਉਣ ਲਈ ਅੱਗੇ ਵਧਿਆ ਤਾਂ ਉਹ ਵੀ ਬੇਹੋਸ਼ ਹੋ ਗਿਆ। ਮੁਲਾਜ਼ਮ ਵੀ ਡਰ ਗਏ। ਇਸ ਤੋਂ ਬਾਅਦ ਮੁਲਾਜ਼ਮਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕ ਕੇ ਜ਼ਖ਼ਮੀਆਂ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਹਸਪਤਾਲ ਪਹੁੰਚਾਇਆ ਅਤੇ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਉਨ੍ਹਾਂ ਵਿੱਚੋਂ 11 ਲੋਕਾਂ ਦੀ ਮੌਤ ਹੋ ਗਈ।

Image

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਅੱਜ ਦੀ ਸਥਿਤੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਗਰ ਨਿਗਮ, ਐਨ.ਡੀ.ਆਰ.ਐਫ. ਅਤੇ ਪੀ.ਪੀ.ਸੀ.ਬੀ. ਦੀਆਂ ਸੰਯੁਕਤ ਟੀਮਾਂ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ।

ਅੱਜ ਦੀ ਘਟਨਾ ਤੋਂ ਬਾਅਦ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਲੁਧਿਆਣਾ ਪੁਲਿਸ ਨੇ ਮਾਮਲੇ ਦੀ ਅਗਲੇਰੀ ਜਾਂਚ ਲਈ ਅਣਪਛਾਤੇ ਵਿਅਕਤੀਆਂ ਖਿਲਾਫ ਐਫ.ਆਈ.ਆਰ. ਦਰਜ ਕਰ ਲਈ ਹੈ।