ਲੁਧਿਆਣਾ ਦੇ ਗਿਆਸਪੁਰਾ ਇਲਾਕੇ ‘ਚ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ – ਇੱਕ ਦਰਜਨ ਤੋਂ ਵੱਧ ਬੇਹੋਸ਼ – ਪੁਲਿਸ ਵਲੋਂ ਇਲਾਕਾ ਸੀਲ – ਡਰੋਨ ਰਾਹੀਂ ਚੈਕਿੰਗ
ਲੁਧਿਆਣਾ ਦੇ ਗਿਆਸਪੁਰਾ ਇਲਾਕੇ ‘ਚ ਇਕ ਦੁਕਾਨ ‘ਚੋਂ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 11 ਤੋਂ ਵੱਧ ਲੋਕ ਬੇਹੋਸ਼ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਅਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਈ। NDRF ਦੀ ਟੀਮ ਨੇ ਚਾਰਜ ਸੰਭਾਲ ਲਿਆ ਹੈ। ਪੁਲੀਸ ਤੇ ਐਨਡੀਆਰਐਫ਼ ਦੀਆਂ ਟੀਮਾਂ ਨੇ ਆਸਪਾਸ ਦੇ ਰਿਹਾਇਸ਼ੀ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਹੋਰਨਾਂ ਇਲਾਕਿਆਂ ਵਿੱਚ ਵੀ ਭੇਜ ਦਿੱਤਾ ਤੇ ਇਲਾਕਾ ਖਾਲੀ ਕਰਵਾ ਲਿਆ।
ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਬਚਾਅ ਟੀਮਾਂ ਹਰ ਘਰ ਦੀ ਜਾਂਚ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿੱਚ ਚਾਰ ਬੱਚੇ ਵੀ ਸ਼ਾਮਲ ਹਨ। ਪੁਲਿਸ ਮੁਤਾਬਕ ਡਰੋਨ ਰਾਹੀਂ ਘਰਾਂ ਦੀਆਂ ਛੱਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਗੈਸ ਲੀਕ ਹੋਣ ਕਾਰਨ ਇੱਕ ਬਿੱਲੀ ਦੀ ਵੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। 11 ਲੋਕਾਂ ਦੀ ਮੌਤ ਦੀ ਵੀ ਸੂਚਨਾ ਹੈ ਪਰ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ 3 ਦੀ ਮੌਤਾਂ ਦੀ ਪੁਸ਼ਟੀ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਗੈਸ ਲੀਕ ਹੋਣ ਕਾਰਨ ਹੋਰ ਨੁਕਸਾਨ ਤੋਂ ਬਚਣ ਲਈ ਪੁਲਿਸ ਨੇ ਆਲੇ-ਦੁਆਲੇ ਦੇ 300 ਮੀਟਰ ਦੇ ਖੇਤਰ ਨੂੰ ਖਾਲੀ ਕਰਵਾ ਲਿਆ ਹੈ। ਇਸ ਦੇ ਨਾਲ ਹੀ ਗੈਸ ਲੀਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਅਤੇ ਫਾਇਰ ਬ੍ਰਿਗੇਡ ਦੇ ਅਨੁਸਾਰ ਇੱਕ ਕਰਿਆਨੇ ਦੀ ਦੁਕਾਨ ਤੋਂ ਗੈਸ ਲੀਕ ਕਿਵੇਂ ਹੋਈ। ਕਿਹੜੀ ਗੈਸ ਸੀ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਹਾਲਾਂਕਿ ਸ਼ੱਕ ਹੈ ਕਿ ਅਮੋਨੀਆ ਗੈਸ ਲੀਕ ਹੋਈ ਹੈ।
ਜਿੱਥੋਂ ਗੈਸ ਲੀਕ ਹੋਈ, ਉਸ ਦੁਕਾਨ ਦੇ ਸੰਚਾਲਕ ਦਾ ਪੂਰਾ ਪਰਿਵਾਰ ਵੀ ਆਪਣੀ ਜਾਨ ਤੋਂ ਹੱਥ ਧੋ ਬੈਠਾ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਇਲਾਕੇ ਦੀ ਵਿਧਾਇਕਾ ਰਜਿੰਦਰ ਕੌਰ ਛੀਨਾ ਵੀ ਮੌਕੇ ‘ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਗੈਸ ਲੀਕ ਕਾਂਡ ਦੀ ਜਾਂਚ ਕਰਵਾਈ ਜਾਵੇਗੀ। ਫਿਲਹਾਲ ਜਾਨ ਬਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਪੁਲਿਸ ਫੈਕਟਰੀ ਮਾਲਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੂਰੇ ਇਲਾਕੇ ‘ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਪ੍ਰਸ਼ਾਸਨ ਮੁਤਾਬਕ ਉਨ੍ਹਾਂ ਦਾ ਧਿਆਨ ਲੋਕਾਂ ਨੂੰ ਬਾਹਰ ਕੱਢਣ ‘ਤੇ ਹੈ। ਹਰ ਘਰ ਦੀ ਜਾਂਚ ਕੀਤੀ ਜਾ ਰਹੀ ਹੈ।