ਸੋਨਾ ਲੁੱਟ ਕੇ ਸੁਨਿਆਰੇ ਦੀ ਹੱਤਿਆ ਕਰਨ ਦੀ ਸਕੀਮ ਬਣਾ ਰਿਹਾ ਚਚੇਰਾ ਭਰਾ ਸਾਥੀ ਸਣੇ ਕਾਬੂ
ਅੰਮਿ੍ਤਸਰ : ਸੋਨਾ ਤੇ ਰੁਪਏ ਲੁੱਟਣ ਲਈ ਆਪਣੇ ਚਾਚੇ ਦੇ ਪੁੱਤਰ ਬਲਬੀਰ ਸਿੰਘ ਉਰਫ ਸੋਨੀ ਵਾਸੀ ਸੁਲਤਾਨਵਿੰਡ ਰੋਡ ਦੇ ਕਤਲ ਕਰਨ ਦੀ ਯੋਜਨਾ ਬਣਾ ਰਹੇ ਦੋ ਮੁਲਜ਼ਮਾਂ ਨੂੰ ਸੀਆਈਏ ਸਟਾਫ ਪੁਲਿਸ ਨੇ ਗਿ੍ਫਤਾਰ ਕੀਤਾ ਹੈ। ਪੀੜਤ ਬਲਬੀਰ ਉਰਫ ਸੋਨੀ ਸੁਨਿਆਰੇ ਦਾ ਕੰਮ ਕਰਦਾ ਹੈ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਮਨਜੀਤ ਸਿੰਘ ਵਾਸੀ ਸੁਲਤਾਨਵਿੰਡ ਰੋਡ ਤੇ ਦਮਨਪ੍ਰਰੀਤ ਸਿੰਘ ਵਾਸੀ ਹੁਸੈਨਪੁਰਾ ਚੌਕ ਵਜੋਂ ਹੋਈ ਹੈ।
ਇਨ੍ਹਾਂ ਮੁਲਜ਼ਮਾਂ ਤੋਂ ਪੁਲਿਸ ਨੇ ਇਕ ਦਾਤਰ ਵੀ ਬਰਾਮਦ ਕੀਤਾ ਹੈ, ਜਿਸ ਨਾਲ ਉਕਤ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀ। ਇਨ੍ਹਾਂ ‘ਚੋਂ ਮੁਲਜ਼ਮ ਮਨਜੀਤ ਸਿੰਘ ਡਰਾਈਵਰ ਦਾ ਕੰਮ ਕਰਦਾ ਸੀ। ਜਦਕਿ ਦੂਜਾ ਦਮਨਪ੍ਰਰੀਤ ਸਿੰਘ ਮਜ਼ਦੂਰੀ ਕਰਦਾ ਹੈ। ਪੂਰੀ ਸਕੀਮ ਮਨਜੀਤ ਸਿੰਘ ਨੇ ਹੀ ਤਿਆਰ ਕੀਤੀ ਸੀ, ਕਿਉਂਕਿ ਉਹ ਜਾਣਦਾ ਸੀ ਕਿ ਉਸ ਦੇ ਚਾਚੇ ਦਾ ਪੁੱਤਰ ਸੋਨੇ ਦਾ ਕੰਮ ਕਰਦਾ ਹੈ ਤੇ ਅਕਸਰ ਗਹਿਣੇ ਲੈ ਕੇ ਬਾਹਰੀ ਸੂਬਿਆਂ ‘ਚ ਵੇਚਣ ਜਾਂਦਾ ਹੈ।
ਮੁਲਜ਼ਮ ਮਨਜੀਤ ਸਿੰਘ ਦਾ ਆਪਣੇ ਚਾਚੇ ਦੇ ਪੁੱਤਰ ਬਲਬੀਰ ਸਿੰਘ ਉਰਫ ਸੋਨੀ ਦੇ ਨਾਲ ਕੁੱਝ ਪੈਸਿਆਂ ਦਾ ਲੈਣ-ਦੇਣ ਸੀ। ਮੁਲਜ਼ਮ ਮਨਜੀਤ ਨੂੰ ਪੈਸੇ ਨਹੀਂ ਮਿਲ ਰਹੇ ਸਨ ਤੇ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਸੋਨੀ ਅਕਸਰ ਬਾਹਰੀ ਸੂਬਿਆਂ ‘ਚ ਸੋਨੇ ਦੇ ਗਹਿਣੇ ਵੇਚਣ ਜਾਂਦਾ ਹੈ। ਇਸ ਦੌਰਾਨ ਉਹ ਵਾਰਦਾਤ ਕਰ ਸਕਦੇ ਹਨ। ਉਹ ਦੋਵੇਂ ਪਛਾਣੇ ਨਾ ਜਾਣ, ਇਸ ਲਈ ਉਨ੍ਹਾਂ ਸੋਨੀ ਨੂੰ ਜਾਨੋ ਮਾਰਨ ਦੀ ਸਕੀਮ ਬਣਾ ਲਈ। ਕਿਉਂਕਿ ਮੁਲਜ਼ਮ ਮਨਜੀਤ ਖੁਦ ਵੀ ਪਹਿਲਾਂ ਸੁਨਿਆਰੇ ਦਾ ਕੰਮ ਕਰਦਾ ਸੀ। ਪਰ ਕੰਮ ‘ਚ ਘਾਟਾ ਪੈਣ ਕਾਰਨ ਉਸ ਨੂੰ ਕੰਮ ਛੱਡਣਾ ਪਿਆ। ਇਸ ਦੇ ਨਾਲ ਉਹ ਕਰਜ਼ੇ ਹੇਠਾਂ ਦੱਬਿਆ ਹੋਇਆ ਸੀ ਤੇ ਡਰਾਈਵਰ ਦੀ ਨੌਕਰੀ ਕਰਨ ਲੱਗ ਪਿਆ। ਕਈ ਵਾਰ ਡਰਾਇਵਰੀ ਵਿਚ ਵੀ ਕੰਮ ਨਾ ਮਿਲਣ ਦੇ ਕਾਰਨ ਉਸ ਨੂੰ ਮਜਦੂਰੀ ਕਰਨੀ ਪੈਂਦੀ ਸੀ।
ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਮੁਲਜ਼ਮ ਮਨਜੀਤ ਸਿੰਘ ਨੇ ਸਕੀਮ ਬਣਾਉਣ ਦੇ ਬਾਅਦ ਆਪਣੇ ਦੋਸਤ ਦਮਨਪ੍ਰਰੀਤ ਸਿੰਘ ਦੇ ਨਾਲ ਸੰਪਰਕ ਕੀਤਾ। ਮਨਜੀਤ ਨੇ ਦਮਨ ਨੂੰ ਲਾਲਚ ਦਿੱਤਾ ਕਿ ਉਹ ਦੋਵੇਂ ਮਿਲ ਕੇ ਸੋਨੀ ਤੋਂ ਕਰੀਬ 10 ਤੋਂ 15 ਲੱਖ ਰੁਪਏ ਦਾ ਸੋਨਾ ਲੁੱਟ ਸਕਦੇ ਹਨ ਤੇ ਇਸ ਨੂੰ ਅੱਧਾ-ਅੱਧਾ ਵੰਡ ਲੈਣਗੇ। ਮੁਲਜ਼ਮ ਦਮਨਪ੍ਰਰੀਤ ਸਿੰਘ ਇਸ ਗੱਲ ਲਈ ਰਾਜੀ ਹੋ ਗਿਆ। ਇਸ ਦੇ ਬਾਅਦ ਮੁਲਜ਼ਮਾਂ ਨੇ ਸੋਨੀ ਦੀ ਰੇਕੀ ਸ਼ੁਰੂ ਕਰ ਦਿੱਤੀ। ਉਸ ਦੇ ਕੰਮ ‘ਤੇ ਜਾਣ, ਘਰ ਆਉਣ ਆਦਿ ਸਾਰੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਨਾਲ ਹੀ ਇਹ ਪਤਾ ਲਾ ਰਹੇ ਸਨ ਕਿ ਸੋਨੀ ਕਦੋਂ ਦੂਜੇ ਸ਼ਹਿਰ ਜਾਣ ਵਾਲਾ ਹੈ। ਇਸ ਦੌਰਾਨ ਮੁਲਜ਼ਮ ਦਮਨਪ੍ਰਰੀਤ ਸਿੰਘ ਨੇ ਸ਼ਰਾਬ ਦੇ ਨਸ਼ੇ ਵਿਚ ਆਪਣੇ ਕਿਸੇ ਮਿੱਤਰ ਨੂੰ ਇਸ ਬਾਰੇ ਦੱਸ ਦਿੱਤਾ। ਦਮਨਪ੍ਰਰੀਤ ਦਾ ਮਿੱਤਰ ਪਹਿਲਾਂ ਤੋਂ ਹੀ ਪੁਲਿਸ ਦਾ ਖ਼ਬਰੀ ਸੀ ਤੇ ਤੁਰੰਤ ਸਾਰੀ ਜਾਣਕਾਰੀ ਸੀਆਈਏ ਸਟਾਫ ਨੂੰ ਦਿੱਤੀ। ਇਸ ‘ਤੇ ਉਨ੍ਹਾਂ ਟੀਮ ਤਾਇਨਾਤ ਕੀਤੀ ਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਫਿਲਹਾਲ ਮੁਲਜ਼ਮਾਂ ਨੂੰ ਗਿ੍ਫਤਾਰ ਕਰਕੇ ਰਿਮਾਂਡ ‘ਤੇ ਲਿਆ ਹੈ, ਤਾਕਿ ਹੋਰ ਵੀ ਪੁੱਛਗਿਛ ਕੀਤੀ ਜਾ ਸਕੇ।