ਸੇਵਾ — ਸਰਕਾਰੀ ਹਸਪਤਾਲਾਂ ਵਿੱਚ ਸੇਵਾਵਾਂ ਪ੍ਰਦਾਨ ਕਰਨ ਲਈ 531 ਡਾਕਟਰ, 4680 ਨਰਸਾਂ, 2056 ਫਾਰਮਾਸਿਸਟ ਅਤੇ 1648 ਲੈਬ ਟੈਕਨੀਸ਼ੀਅਨ ਅੱਗੇ ਆਏ
ਆਪਣੇ ਆਪ ਨੂੰ ਕੋਵਿਡ-19 ਮਹਾਂਮਾਰੀ ਨਾਲ ਲੜਨ ਲਈ ਵਾਲੰਟੀਅਰ ਵਜੋਂ ਰਜਿਸਟਰ ਕਰਵਾਇਆ
ਚੰਡੀਗੜ੍ਹ, 6 ਅਪ੍ਰੈਲ:( ਨਿਊਜ਼ ਪੰਜਾਬ ) – ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਜਾਰੀ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੱਥੋਂ ਤੱਕ ਮਨੁੱਖੀ ਸਰੋਤਾਂ ਦਾ ਸਵਾਲ ਹੈ, ਸਿਹਤ ਵਿਭਾਗ ਨੂੰ ਸੂਬੇ ਭਰ ਤੋਂ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਵੱਲੋਂ ਵਿਆਪਕ ਪੱਧਰ ‘ਤੇ ਪ੍ਰਕਿਰਿਆ ਵੇਖਣ ਨੂੰ ਮਿਲੀ ਹੈ। ਉਨ੍ਹਾਂ ਕਿਹਾ ਕਿ ਰੈਗੂਲਰ ਅਤੇ ਕਨਟ੍ਰੈਕਚੂਅਲ ਮਾਹਿਰ ਡਾਕਟਰ, ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਤੋਂ ਇਲਾਵਾ ਸੈਂਕੜੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ਼ ਨੇ ਸਵੈ-ਸੇਵਕਾਂ ਵਜੋਂ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ, ਉਹ ਸਾਰੇ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ ਲਗਭਗ 8201ਵਾਰਡ ਅਟੈਂਡੈਂਟ ਅਤੇ 243 ਰੇਡੀਓਗ੍ਰਾਫ਼ਰਾਂ ਨੇ ਵੀ ਵਾਲੰਟੀਅਰਾਂ ਵਜੋਂ ਰਜਿਸਟਰਡ ਕਰਵਾਇਆ ਹੈ।
ਸ. ਬਲਬੀਰ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰ ਰਹੇ ਡਾਕਟਰਾਂ ਅਤੇ ਹੋਰ ਸਿਹਤ ਸਟਾਫ਼ ਸਮੇਤ ਨਿੱਜੀ ਹਸਪਤਾਲਾਂ ਵਿੱਚ ਨਰਸਿੰਗ ਅਤੇ ਪੈਰਾ ਮੈਡੀਕਲ ਸਟਾਫ, ਨਰਸਿੰਗ ਹੋਮਜ਼ ਅਤੇ ਡਾਇਗਨੋਸਟਿਕ ਲੈਬਾਂ ਆਦਿ ਨੂੰ ਮੈਡੀਕਲ ਕੌਂਸਲ ਆਫ਼ ਇੰਡੀਆ (ਐਮਸੀਆਈ) ਅਤੇ ਇੰਡੀਆ ਮੈਡੀਕਲ ਐਸੋਸੀਏਸ਼ਨ (ਆਈਐਮਏ) ਵੱਲੋਂ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ ਜਿਸ ਦੇ ਅਧਾਰ ‘ਤੇ ਇਹਨਾਂ ਨੂੰ ਬਿਨਾਂ ਕਰਫਿਊ ਪਾਸ ਦੇ ਆਉਣ ਜਾਣ ਦੀ ਆਗਿਆ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਕੈਮਿਸਟ ਦੁਕਾਨਾਂ, ਹਸਪਤਾਲਾਂ ਸਮੇਤ ਓ.ਪੀ.ਡੀਜ਼, ਨਸ਼ਾ ਛੁਡਾਓ ਕੇਂਦਰਾਂ ਤੇ ਓਟ ਕਲੀਨਿਕਾਂ, ਨਰਸਿੰਗ ਹੋਮਜ਼, ਆਯੂਸ਼ ਪ੍ਰੈਕਟੀਸ਼ਨਰਜ਼ ਅਤੇ ਡਾਇਗਨੌਸਟਿਕ ਲੈਬਾਰਟਰੀਆਂ ਆਦਿ ਖੋਲ੍ਹਣ ਲਈ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਮੰਤਰੀ ਨੇ ਕਿਹਾ ਕਿ ਕਈ ਨਿੱਜੀ ਹਸਪਤਾਲਾਂ ਨੂੰ ਬੰਦ ਕਰਨ ਸਬੰਧੀ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੇ ਅਜਿਹੇ ਹਸਪਤਾਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ, ਜਿਸ ਲਈ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਸਿਹਤ ਵਿਭਾਗ ਨੂੰ ਕੋਵਿਡ -19 ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰਨ ਵਾਲੇ ਹਸਪਤਾਲਾਂ ਦੇ ਲਾਇਸੈਂਸ ਰੱਦ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਸਿਵਲ ਸਰਜਨਾਂ ਨੂੰ ਸਾਰੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਸਿਹਤ ਮੰਤਰੀ ਨੇ ਅੱਗੇ ਸਪੱਸ਼ਟ ਕੀਤਾ ਕਿ ਇੱਕ ਮਰੀਜ਼ ਨੂੰ ਸਿਹਤ ਵਿਭਾਗ ਦੁਆਰਾ ਸਿਰਫ਼ ਉਦੋਂ ਹੀ ਠੀਕ ਹੋਇਆ ਘੋਸ਼ਿਤ ਕੀਤਾ ਜਾਂਦਾ ਹੈ ਜਦੋਂ ਘੱਟੋ ਘੱਟ ਇੱਕ ਦਿਨ ਵਿੱਚ ਲਏ ਗਏ ਦੋ ਨਮੂਨੇ ਜਾਂਚ ਤੋਂ ਬਾਅਦ ਨੈਗੇਟਿਵ ਪਾਏ ਜਾਂਦੇ ਹਨ। ਇਹ ਮਰੀਜ਼ ਸੰਕ੍ਰਮਿਤ ਨਹੀਂ ਰਹਿੰਦੇ ਅਤੇ ਕਿਸੇ ਹੋਰ ਵਿਅਕਤੀ ਨੂੰ ਸੰਕਰਮਿਤ ਵੀ ਨਹੀਂ ਕਰ ਸਕਦੇ। ਇਸ ਲਈ ਇਹਨਾਂ ਮਰੀਜ਼ਾਂ ਦਾ ਉਨ੍ਹਾਂ ਦੀ ਰਿਹਾਇਸ਼ੀ ਵਾਲੇ ਇਲਾਕਿਆਂ ਵਿੱਚ ਵਾਪਸ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਅਤੇ ਉਹ ਕਿਸੇ ਵੀ ਆਮ ਵਿਅਕਤੀ ਵਾਂਗ ਆਪਣਾ ਦਿਨ ਪ੍ਰਤੀ ਦਿਨ ਦਾ ਕੰਮ ਫਿਰ ਤੋਂ ਸ਼ੁਰੂ ਕਰ ਸਕਦੇ ਹਨ।
ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਵਿਡ ਦੇ ਮਰੀਜ਼ਾਂ ਦੀ ਦੇਖਭਾਲ ਲਈ 5000 ਆਈਸੋਲੇਸ਼ਨ ਬੈੱਡਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 2500 ਪਹਿਲਾਂ ਤੋਂ ਹੀ ਵਰਤੋਂ ਵਿੱਚ ਲਿਆਂਦੇ ਜਾ ਰਹੇ ਹਨ। ਇਸਦੇ ਨਾਲ ਹੀ ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰਾਂ ਦੀ ਯੋਜਨਾ ਬਣਾਈ ਗਈ ਹੈ ਜਿਨ੍ਹਾਂ ਵਿੱਚ ਕੋਵਿਡ ਦੇ ਬਹੁਤ ਘੱਟ ਲੱਛਣਾਂ ਵਾਲੇ ਜਾਂ ਕੋਈ ਲੱਛਣ ਨਾ ਹੋਣ ਵਾਲੇ ਮਰੀਜ਼ਾਂ ਲਈ 500-1000 ਬੈਡਾਂ ਦੀ ਸਮਰੱਥਾ ਹੈ। ਇਹ ਵੱਖ-ਵੱਖ ਹੋਸਟਲਾਂ, ਡੇਰਿਆਂ ਅਤੇ ਹੋਰ ਅਜਿਹੀਆਂ ਥਾਵਾਂ `ਤੇ ਸਥਿਤ ਹੋਣਗੇ। ਉਨ੍ਹਾਂ ਕਿਹਾ ਕਿ ਕੋਵਿਡ ਦੇ ਸਾਰੇ ਗੰਭੀਰ ਮਰੀਜ਼ਾਂ ਨੂੰ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਰੈਫ਼ਰ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ “ਇਥੇ ਪੀਪੀਈ ਕਿੱਟਾਂ, ਐਨ 95 ਮਾਸਕ ਅਤੇ ਟ੍ਰਿਪਲ ਲੇਅਰ ਮਾਸਕਾਂ ਦੀ ਢੁੱਕਵੀਂ ਸਪਲਾਈ ਜਾਰੀ ਹੈ ਜੋ ਸਾਰੇ ਜ਼ਿਲ੍ਹਿਆਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਪ੍ਰਦਾਨ ਕੀਤੇ ਜਾ ਰਹੇ ਹਨ।”
ਮੰਤਰੀ ਨੇ ਅੱਗੇ ਦੱਸਿਆ ਕਿ ਸੂਬੇ ਵਿੱਚ ਕੋਵਿਡ -19 ਦੇ 79 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 2384 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ। ਹੁਣ ਤੱਕ 4 ਵਿਅਕਤੀਆਂ ਨੂੰ ਇਲਾਜ ਮਗਰੋਂ ਠੀਕ ਐਲਾਨਿਆ ਗਿਆ ਹੈ।