ਮੈਡੀਕਲ ਸਟੋਰਾਂ ਦੀ ਨਿਗਰਾਨੀ ਕਰਨ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਆਦੇਸ਼ – ਸ਼ਡਿਊਲ ਐਚ ਅਤੇ ਹੋਰ ਮਨਾਹੀ ਵਾਲੀਆਂ ਦਵਾਈਆਂ ਦੀ ਵਿੱਕਰੀ ‘ਤੇ ਰੱਖੀ ਜਾਵੇਗੀ ਨਜ਼ਰ

ਨਿਊਜ਼ ਪੰਜਾਬ
ਜੇਕਰ ਕਿਸੇ ਦੁਕਾਨਦਾਰ ਵੱਲੋਂ ਛੋਟੇ ਬੱਚਿਆਂ ਨੂੰ ਸਿਗਰੇਟ, ਤੰਬਾਕੂ/ ਕੋਈ ਵੀ ਨਸ਼ੀਲਾ ਪਦਾਰਥ ਆਦਿ
ਵੇਚੇ ਜਾਂਦੇ ਹਨ ਤਾਂ ਉਸ ’ਤੇ ਬਾਲ ਨਿਆਂ ਐਕਟ ਦੀ ਧਾਰਾ 77 ਅਤੇ ਜੇਕਰ ਕਿਸੇ ਬੱਚੇ ਨੂੰ ਸਿਗਰੇਟ,
ਤੰਬਾਕੂ ਜਾਂ ਕੋਈ ਵੀ ਨਸ਼ੀਲਾ ਪਦਾਰਥ ਆਦਿ ਦੀ ਵਿਕਰੀ ਲਈ ਜ਼ਰੀਆ ਬਣਾਈਆ ਜਾਂਦਾ ਹੈ ਤਾਂ
ਜੁਵੇਨਾਇਲ ਜਸਟਿਸ (ਬਾਲ ਨਿਆਂ) ਐਕਟ ਦੀ ਧਾਰਾ 78 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਵਿਦਿਅਕ ਸੰਸਥਾਂਵਾਂ ਦੇ 100 ਮੀਟਰ ਦੇ ਘੇਰੇ ’ਚ ਤੰਬਾਕੂ ਉਤਪਾਦਾਂ ਦੀ ਵਿਕਰੀ ’ਤੇ ਰਹੇਗੀ ਮਨਾਹੀ।
ਬੱਚਿਆਂ ਨੂੰ ਮਨਾਹੀ ਵਾਲੀਆਂ ਦਵਾਈਆਂ ਵੇਚੇ ਜਾਣ ’ਤੇ ਨਜ਼ਰ ਰੱਖਣ ਲਈ ਮੈਡੀਕਲ ਸਟੋੋਰਾਂ ’ਤੇ
ਲਗਵਾਏ ਜਾਣਗੇ ਸੀ ਸੀ ਟੀ ਵੀ ਕੈਮਰੇ – ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ  – ਨਵਜੋਤ ਪਾਲ ਸਿੰਘ ਰੰਧਾਵਾ

ਨਿਊਜ਼ ਪੰਜਾਬ
ਨਵਾਂਸ਼ਹਿਰ, 28 ਫ਼ਰਵਰੀ – ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਨਸ਼ਾ ਮੁਕਤ ਅਭਿਆਨ ਤਹਿਤ ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ, ਨਵੀ ਦਿੱਲੀ ਵੱਲੋਂ ਨਿਰਧਾਰਿਤ ‘ਜੁਆਇੰਟ ਐਕਸ਼ਨ ਪਲਾਨ’ ਨੂੰ ਲਾਗੂ ਕਰਨ ਲਈ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਵੱਲੋਂ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜੁਆਇੰਟ ਐਕਸ਼ਨ ਪਲਾਨ ਨੂੰ ਲਾਗੂ ਕਰਨ ਲਈ ਵੱਖ-ਵੱਖ ਵਿਭਾਗਾ ਵੱਲੋ ਕੀਤੀਆਂ ਜਾਣ ਵਾਲੀਆ ਗਤੀਵਿਧੀਆ ਸਬੰਧੀ ਜਾਣੂ ਕਰਵਾਇਆ ਗਿਆ।
ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਵੱਲੋਂ ਜ਼ਿਲ੍ਹੇ ’ਚ ਮੌਜੂਦ ਮੈਡੀਕਲ ਸਟੋਰਾਂ ’ਤੇ ਸ਼ਡਿਊਲ ਐਚ ਅਤੇ ਹੋਰ ਮਨਾਹੀ ਵਾਲੀਆਂ ਦਵਾਈਆਂ ਦੀ ਵਿੱਕਰੀ ’ਤੇ ਨਿਗਰਾਨੀ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਆਦੇਸ਼ ਦਿੱਤੇ ਗਏ। ਇਹ ਫੈਸਲਾ ਬਿਨਾਂ ਡਾਕਟਰਾਂ ਦੀ ਪਰਚੀ ਤੋਂ, ਬੱਚਿਆਂ ਨੂੰ ਦੇਣ ਵਾਲੀਆਂ ਪਾਬੰਦੀਸ਼ੁਦਾ ਦਵਾਈ ਉੱਪਰ ਰੋਕ ਲਗਾਉਣ ਲਈ ਲਿਆ ਗਿਆ। ਇਸ ਕਾਰਜ ਯੋਜਨਾ ਨੂੰ ਲਾਗੂ ਕਰਵਾਉਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਵੱਲੋ ਡਰੱਗ ਕੰਟਰੋਲ ਅਥਾਰਟੀ, ਜ਼ਿਲ੍ਹਾ ਪੁਲਿਸ ਨੂੰ ਅਗਲੇਰੀ ਚੈਕਿੰਗ ਲਈ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ।
ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਵੱਲੋਂ ਜ਼ਿਲ੍ਹੇ ’ਚ ਮੌਜੂਦ ਸਮੂਹ ਮੈਡੀਕਲ ਸਟੋਰ ਮਾਲਕਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਆਪਣੀਆਂ ਦੁਕਾਨਾਂ ਅੰਦਰ ਬਿਨਾਂ ਪਰਚੀ ਤੋਂ ਵੇਚੀਆਂ ਜਾਣ ਵਾਲੀਆਂ ਦਵਾਈਆਂ ਦੀ ਵਿਕਰੀ ਨਾ ਕਰਨ। ਉਨ੍ਹਾਂ ਕਿਹਾ ਕਿ ਆਮ ਦੇਖਣ ’ਚ ਆਇਆ ਹੈ ਕਿ ਕੁੱਝ ਮੈਡੀਕਲ ਸਟੋਰ ਮਾਲਕ ਛੋਟੇ ਬੱਚਿਆਂ ਨੂੰ ਸਟੀਰਾਈਡ ਵਾਲੀਆਂ ਦਵਾਈਆਂ ਬਿਨਾਂ ਜ਼ਰੂਰਤ ਤੋ ਦੇ ਰਹੇ ਹਨ, ਜਿਸ ਨਾਲ ਬੱਚਿਆਂ ਦੇ ਵਿਕਾਸ ਉੱਪਰ ਮਾੜਾ ਅਸਰ ਪੈ ਰਿਹਾ ਹੈ ਤੇ ਉਹ ਕਈ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਹਿੱਤਾਂ ਨੂੰ ਸੁਰੱਖਿਅਤ ਬਣਾਉਣ ਲਈ ਹੀ ਸਮੂਹ ਕੈਮਿਸਟਾਂ ਉੱਪਰ ਨਜ਼ਰ ਰੱਖਣ ਲਈ ਦੁਕਾਨਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆਂ ਕਿ ਇਸ ਸਬੰਧੀ ਕੈਮਿਸਟਾਂ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਿਨਾਂ ਮਾਹਿਰ ਡਾਕਟਰ ਦੀ ਪਰਚੀ ਤੋਂ ਜੇਕਰ ਕੋਈ ਵੀ ਕੈਮਿਸਟ ਸ਼ਡਿਊਲ ਐੱਚ ਅਤੇ ਐੱਕਸ ਦਵਾਈ ਦਿੰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਤੁਰੰਤ ਅਮਲ ’ਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਸਿਖਿਆ ਅਫ਼ਸਰ ਨੂੰ ਹਦਾਇਤ ਕੀਤੀ ਗਈ ਹੈ ਕਿ ਸਕੂਲ, ਕਾਲਜ ਜਾਂ ਕਿਸੇ ਵੀ ਵਿਦਿਅਕ ਸੰਸਥਾ ਦੇ 100 ਮੀਟਰ ਦੇ ਘੇਰੇ ਵਿੱਚ ਕੋਈ ਵੀ ਅਜਿਹੀ ਦੁਕਾਨ ਨਹੀਂ ਹੋਣੀ ਚਾਹਿਦੀ, ਜਿਥੇ ਸਿਗਰੇਟ, ਤੰਬਾਕੂ/ ਕੋਈ ਵੀ ਨਸ਼ੀਲਾ ਪਦਾਰਥ ਆਦਿ ਵੇਚੇ ਜਾਂਦੇ ਹੋਣ।
ਡਿਪਟੀ ਕਮਿਸ਼ਨਰ ਵੱਲੋ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਦੁਕਾਨਦਾਰ ਵੱਲੋਂ ਛੋਟੇ ਬੱਚਿਆਂ ਨੂੰ ਸਿਗਰੇਟ, ਤੰਬਾਕੂ/ ਕੋਈ ਵੀ ਨਸ਼ੀਲਾ ਪਦਾਰਥ ਆਦਿ ਵੇਚੇ ਜਾਂਦੇ ਹਨ ਤਾਂ ਉਸ ’ਤੇ ਬਾਲ ਨਿਆਂ ਐਕਟ ਦੀ ਧਾਰਾ 77 ਅਤੇ ਜੇਕਰ ਕਿਸੇ ਬੱਚੇ ਨੂੰ ਸਿਗਰੇਟ, ਤੰਬਾਕੂ/ ਕੋਈ ਵੀ ਨਸ਼ੀਲਾ ਪਦਾਰਥ ਆਦਿ ਦੀ ਵਿਕਰੀ ਲਈ ਜ਼ਰੀਆ ਬਣਾਈਆ ਜਾਂਦਾ ਹੈ ਤਾਂ ਜੁਵੇਨਾਇਲ ਜਸਟਿਸ (ਬਾਲ ਨਿਆਂ) ਐਕਟ ਦੀ ਧਾਰਾ 78 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਵਿੱਚ ਡਾ. ਹਰਪ੍ਰੀਤ ਸਿੰਘ (ਡਿਪਟੀ ਮੈਡੀਕਲ ਕਮਿਸ਼ਨਰ ਸਿਹਤ ਵਿਭਾਗ), ਹਰਸ਼ਪ੍ਰੀਤ ਸਿੰਘ (ਡੀ.ਐਸ.ਪੀ. ਸਥਾਨਕ), ਗੁਰਜੀਤ ਸਿੰਘ (ਡਰੱਗ ਕੰਟਰੋਲ ਅਫ਼ਸਰ), ਹਰਜਿੰਦਰ ਸਿੰਘ ਅਤੇ ਮਨਜੀਤ ਸਿੰਘ (ਇੰਸਪੈਕਟਰ ਆਬਕਾਰੀ ਵਿਭਾਗ), ਰੋਹਿਤਾ(ਆੳੂਟਰੀਚ ਵਰਕਰ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ) ਮੌਜੂਦ ਸਨ।