ਜੇਲ੍ਹ ਵਿੱਚ ਗੈਂਗਵਾਰ – ਦੋ ਕਤਲ , ਤੀਜਾ ਗੰਭੀਰ – ਤਿੰਨੋ ਹੀ ਗੈਂਗਸਟਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸਨ
ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ਵਿੱਚ ਐਤਵਾਰ ਨੂੰ ਗੈਂਗਵਾਰ ਹੋ ਗਈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿਚ ਜੇਲ੍ਹ ਵਿੱਚ ਬੰਦ ਮਨਦੀਪ ਸਿੰਘ ਤੂਫਾਨ ਅਤੇ ਮਨਮੋਹਨ ਸਿੰਘ ਦੀ ਇਸ ਗੈਂਗ ਵਾਰ ਵਿੱਚ ਮੌਤ ਹੋ ਗਈ ਹੈ । ਜਦੋਂ ਕਿ ਬਠਿੰਡਾ ਦਾ ਰਹਿਣ ਵਾਲਾ ਕੇਸ਼ਵ ਗੰਭੀਰ ਜ਼ਖ਼ਮੀ ਹੈ , ਪਰ ਉਸ ਦੀ ਨਾਜੁਕ ਸਥਿਤੀ ਨੂੰ ਦੇਖਦੇ ਹੋਏ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ । ਮੀਡੀਆ ਰਿਪੋਰਟਾਂ ਅਨੁਸਾਰ ਤਿੰਨਾਂ ਦੇ ਸਿਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਡਾਕਟਰਾਂ ਵਲੋਂ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਅਸਲ ਕਾਰਨ ਸਾਹਮਣੇ ਆਉਣਗੇ।
ਸਿਵਲ ਹਸਪਤਾਲ ਤਰਨਤਾਰਨ ਦੇ ਐਮਰਜੈਂਸੀ ਵਾਰਡ ਵਿੱਚ ਤਾਇਨਾਤ ਡਾਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਜਦੋਂ ਤਿੰਨਾਂ ਨੂੰ ਐਮਰਜੈਂਸੀ ਰਾਹੀਂ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਮਨਦੀਪ ਤੂਫਾਨ ਦੀ ਮੌਤ ਹੋ ਚੁੱਕੀ ਸੀ। ਪੁਲਿਸ ਅਧਿਕਾਰੀ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਤਿੰਨੋ ਹੀ ਗੈਂਗਸਟਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸਨ। ਜਿਕਰਯੋਗ ਹੈ ਕਿ ਮਨਮੋਹਣ ਸਿੰਘ ਮੋਹਣਾ ਉੱਤੇ ਮੂਸੇਵਾਲਾ ਦੀ ਰੈਕੀ ਕਰਨ ਦਾ ਇਲਜ਼ਾਮ ਲੱਗਿਆ ਹੋਇਆ ਸੀ।
ਡੀਐਸਪੀ (ਸਿਟੀ) ਜਸਪਾਲ ਸਿੰਘ ਢਿੱਲੋਂ, ਥਾਣਾ ਸਿਟੀ ਤਰਨਤਾਰਨ ਦੇ ਡਿਊਟੀ ਅਫ਼ਸਰ ਵਿਪਨ ਕੁਮਾਰ, ਥਾਣਾ ਗੋਇੰਦਵਾਲ ਸਾਹਿਬ ਦੇ ਡਿਊਟੀ ਅਫ਼ਸਰ ਪ੍ਰੇਮ ਸਿੰਘ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਹੋਏ ਹਨ ।ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਦੋਸ਼ੀਆਂ ਨੂੰ ਜੇਲ੍ਹ ਵਿੱਚ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ। ਇਸ ਦੇ ਬਾਵਜੂਦ ਦੋ ਗੈਂਗਸਟਰਾਂ
ਦਾ ਕਤਲ ਸੁਰੱਖਿਆ ਪ੍ਰਬੰਧਾਂ ‘ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਤਸਵੀਰਾਂ – ਸ਼ੋਸਲ ਮੀਡੀਆ