ਉਤਰੀ ਭਾਰਤ ਨੂੰ ਸੰਘਣੀ ਧੁੰਦ ਨੇ ਕਝਿਆ – ਪੰਜਾਬ ਵਿੱਚ ਸੀਤ ਲਹਿਰ – ਬਠਿੰਡਾ ਸਭ ਤੋਂ ਵੱਧ ਠੰਢਾ -ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਵਿੱਚ ਵੀ ਕਮੀ – ਧੁੰਦ ਕਾਰਨ ਬੱਸ – ਟਰੱਕ ਹਾਦਸਾ – 3 ਮੌਤਾਂ – ਪੜ੍ਹੋ ਕਦੋ ਤੱਕ ਰਹੇਗਾ ਅਜਿਹਾ ਮੌਸਮ

ਨਿਊਜ਼ ਪੰਜਾਬ
ਨਵੀ ਦਿੱਲੀ , 19ਦਸੰਬਰ – ਉਤਰੀ ਭਾਰਤ ਅਤੇ ਨਾਲ ਲਗਦੇ ਇਲਾਕਿਆਂ ਨੂੰ ਧੁੰਦ ਨੇ ਆਪਣੀ ਪਕੜ ਵਿੱਚ ਲੈ ਲਿਆ ਹੈ। ਮੌਸਮ ਦੀ ਬਦਲੀ ਕਰਵਟ ਨੇ ਜ਼ੋਰਦਾਰ ਠੰਡ ਨੇ ਆਪਣੀ ਆਮਦ ਦਰਸਾਈ ਹੈ , ਬਹੁਤੀਆਂ ਥਾਵਾਂ ਤੇ ਘੱਟੋ-ਘੱਟ ਤਾਪਮਾਨ 3 ਤੋਂ 9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰੀ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਕੁਝ ਇਲਾਕੇ ਇਸ ਦੇ ਘੇਰੇ ਵਿਚ ਹਨ। ਅੱਜ ਸੰਘਣੀ ਧੁੰਦ ਕਾਰਨ ਜਨ-ਜੀਵਨ ’ਤੇ ਮਾੜਾ ਅਸਰ ਪਿਆ ਹੈ। ਧੁੰਦ ਕਾਰਨ ਲੋਕਾਂ ਨੂੰ ਸੜਕਾਂ ’ਤੇ ਵਾਹਨ ਚਲਾਉਣ ਸਮੇਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸੜਕਾਂ ’ਤੇ 100 ਮੀਟਰ ਤੋਂ ਅੱਗੇ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਬੇ ਵਿੱਚ ਤਾਪਮਾਨ ਹੇਠਾਂ ਡਿੱਗਦਾ ਜਾ ਰਿਹਾ ਹੈ ਤੇ ਹਫ਼ਤਾ ਭਰ ਸੰਘਣੀ ਧੁੰਦ ਪੈਣ ਅਤੇ ਸੀਤ ਲਹਿਰ ਚੱਲਣ ਦੇ ਆਸਾਰ ਹਨ।

ਪੰਜਾਬ ਵਿੱਚ ਬੀਤੀ ਰਾਤ ਤੋਂ ਹੀ ਸੰਘਣੀ ਧੁੰਦ ਹੋਣੀ ਸ਼ੁਰੂ ਹੋ ਗਈ ਸੀ ਜਦੋ ਕਿ ਸਵੇਰ ਵੇਲੇ ਤੋਂ ਕੁੱਝ ਦੂਰੀ ਤੱਕ ਵੀ ਸਪਸ਼ਟ ਵੇਖਿਆ ਨਹੀਂ ਜਾ ਸਕਦਾ ਸੀ। ਪੰਜਾਬ ਸੀਤ ਲਹਿਰ ਦੀ ਲਪੇਟ ਵਿਚ ਆਉਣ ਤੇ ਮੌਸਮ ਮਾਹਿਰਾਂ ਨੇ ਅਗਲੇ ਤਿੰਨ ਦਿਨਾਂ ਤੱਕ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ। ਲੋਕਾਂ ਨੂੰ ਸੰਘਣੀ ਧੁੰਦ ਕਰਕੇ ਸਫ਼ਰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਪੰਜਾਬ ‘ਚ ਮੌਸਮ ਦਾ ਪੈਟਰਨ ਵਿਗੜਦਾ ਜਾ ਰਿਹਾ ਹੈ ਅਤੇ ਠੰਢ ਦਾ ਜ਼ੋਰ ਵਧੇਗਾ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਵਿੱਚ ਸੀਤ ਲਹਿਰ ਦੇ ਨਾਲ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ। ਦੂਜੇ ਪਾਸੇ ਸ਼ਨੀਵਾਰ ਨੂੰ ਪੰਜਾਬ ਦੇ ਘੱਟੋ-ਘੱਟ ਤਾਪਮਾਨ ‘ਚ 0.3 ਡਿਗਰੀ ਦੀ ਹੋਰ ਗਿਰਾਵਟ ਦਰਜ ਕੀਤੀ ਗਈ। ਬਠਿੰਡਾ 3.2 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਠੰਢਾ ਰਿਹਾ। ਜਦੋਂ ਕਿ ਅੰਮ੍ਰਿਤਸਰ ਵਿੱਚ 5.0 ਡਿਗਰੀ, ਲੁਧਿਆਣਾ ਵਿੱਚ 5.2, ਪਟਿਆਲਾ ਵਿੱਚ 5.8, ਫਰੀਦਕੋਟ ਵਿੱਚ 4.5, ਗੁਰਦਾਸਪੁਰ ਵਿੱਚ 4.8, ਫਤਿਹਗੜ੍ਹ ਸਾਹਿਬ ਵਿੱਚ 3.7, ਫਿਰੋਜ਼ਪੁਰ ਵਿੱਚ 5.6 ਅਤੇ ਜਲੰਧਰ ਵਿੱਚ 5.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇੱਥੇ ਖਾਸ ਗੱਲ ਇਹ ਹੈ ਕਿ ਸ਼ਨੀਵਾਰ ਤੋਂ ਹੀ ਪੰਜਾਬ ਦੇ ਲਗਭਗ ਸਾਰੇ ਸ਼ਹਿਰਾਂ ਦੇ ਤਾਪਮਾਨ ‘ਚ ਗਿਰਾਵਟ ਦੇਖਣ ਨੂੰ ਮਿਲੀ।

ਵੱਖ-ਵੱਖ ਖੇਤਰਾਂ ਵਿੱਚ ਤਾਪਮਾਨ ਵਿੱਚ ਗਿਰਾਵਟ ਦੇ ਨਾਲ-ਨਾਲ ਧੁੰਦ ਅਤੇ ਸੀਤ ਲਹਿਰ ਨੇ ਵੀ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ, ਉੱਤਰੀ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਅੱਜ ਵੀ ਠੰਢ ਦਾ ਕਹਿਰ ਜਾਰੀ ਰਹਿ ਸਕਦਾ ਹੈ। ਇਸ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਵਿੱਚ ਵੀ ਕਮੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਸੜਕਾਂ ‘ਤੇ ਵਾਹਨਾਂ ਦੀ ਰਫ਼ਤਾਰ ਵੀ ਮੱਠੀ ਹੋ ਗਈ।

ਇਨ੍ਹਾਂ ਰਾਜਾਂ ‘ਚ ਠੰਢ ਦੇ ਮੌਸਮ ‘ਚ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਮੁਤਾਬਕ ਅੱਜ ਅੰਡੇਮਾਨ ਨਿਕੋਬਾਰ ਦੀਪ ਸਮੂਹ ‘ਚ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕੇਰਲ, ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਉੜੀਸਾ ਸਮੇਤ ਮਹਾਰਾਸ਼ਟਰ ‘ਚ ਵੀ ਗਰਜ ਨਾਲ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਮੌਸਮ ਖੁਸ਼ਕ ਰਹੇਗਾ। ਉੱਤਰ-ਪੂਰਬੀ ਭਾਰਤ ਦੇ ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਕੁਝ ਦਰਮਿਆਨੀ ਧੁੰਦ ਦੀ ਭਵਿੱਖਬਾਣੀ ਕੀਤੀ ਗਈ ਹੈ।

ਸ਼ਹਿਰ ਦਾ ਤਾਪਮਾਨ
ਦਿੱਲੀ 6.2 °C 23°C
ਲਖਨਊ 10°C 24°C
ਪਟਨਾ 11°C 26°C
ਸ਼ਿਮਲਾ -2°C 12°C
ਦੇਹਰਾਦੂਨ 9°C 21°C
ਮਸੂਰੀ – 1°C 10°C
ਬਠਿੰਡਾ – 3.2°C 21°C
ਸੋਮਵਾਰ ਸਵੇਰੇ ਧੁੰਦ ਕਾਰਨ ਆਗਰਾ-ਲਖਨਊ ਐਕਸਪ੍ਰੈਸ ਵੇਅ ‘ਤੇ ਹਰਿਦੁਆਰ ਤੋਂ ਲਖਨਊ ਜਾ ਰਹੀ ਬੱਸ ਦੀ ਟੱਕਰ ਖੜ੍ਹੇ ਟਰੱਕ ਨਾਲ ਹੋ ਗਈ। ਇਸ ਹਾਦਸੇ ‘ਚ ਬੱਸ ਦੇ ਡਰਾਈਵਰ ਅਤੇ ਅਗਲੀ ਸੀਟ ‘ਤੇ ਬੈਠੇ ਦੋ ਯਾਤਰੀਆਂ ਦੀ ਮੌਤ ਹੋ ਗਈ। ਐਕਸਪ੍ਰੈੱਸ ਵੇਅ ‘ਤੇ ਹਾਦਸੇ ਦੀ ਸੂਚਨਾ ਮਿਲਦੇ ਹੀ ਇਰਵਾਕਟਰਾ ਪੁਲਸ ਅਤੇ ਐਕਸਪ੍ਰੈੱਸ ਵੇਅ ਦੇ ਸੁਰੱਖਿਆ ਕਰਮਚਾਰੀ ਮੌਕੇ ‘ਤੇ ਪਹੁੰਚੇ, ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ।
ਮੀਡੀਆ ਰਿਪੋਰਟਾਂ ਅਨੁਸਾਰ ਸੋਮਵਾਰ ਤੜਕੇ ਧੁੰਦ ਕਾਰਨ ਇਕ ਟਰੱਕ 137 ਕਿਲੋਮੀਟਰ ਨੇੜੇ ਡਿਵਾਈਡਰ ‘ਤੇ ਚੜ੍ਹ ਗਿਆ। ਹਰਿਦੁਆਰ ਤੋਂ ਲਖਨਊ ਜਾ ਰਹੀ ਟੂਰਿਸਟ ਬੱਸ ਸਵੇਰੇ 8 ਵਜੇ ਦੇ ਕਰੀਬ ਉਸ ਸਮੇਂ ਪਿੱਛੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ ਜਦੋਂ ਧੁੰਦ ਦੀ ਧੁੰਦ ‘ਚ ਇਹ ਦਿਖਾਈ ਨਹੀਂ ਦੇ ਰਹੀ ਸੀ।
ਹਾਦਸੇ ਵਿੱਚ ਬੱਸ ਚਾਲਕ ਪੱਪੂ ਯਾਦਵ (50) ਵਾਸੀ ਬ੍ਰਹਮਪੁਰ ​​ਮਥੁਰਾ, ਮਹੇਸ਼ ਚੰਦਰ (32) ਪੁੱਤਰ ਬਸੰਤ ਕੁਮਾਰ ਵਾਸੀ ਗੌਰਾ ਕਟਾਰੀ ਜ਼ਿਲ੍ਹਾ ਅਮੇਠੀ ਅਤੇ ਇੱਕ ਹੋਰ ਸਵਾਰੀ ਦੀ ਮੌਤ ਹੋ ਗਈ, ਜਦੋਂ ਕਿ ਅੱਠ ਵਿਅਕਤੀ ਜ਼ਖ਼ਮੀ ਹੋ ਗਏ।

ਤਸਵੀਰਾਂ – ਨਿਊਜ਼ ਪੰਜਾਬ