ਵਿਦਿਆਰਥੀਆਂ ਦੀ ਫੀਸ ਜਮ੍ਹਾ ਕਰਾਉਣ ਲਈ ਮਾਪਿਆਂ ਨੂੰ ਰਾਹਤ —ਹਾਲਾਤ ਸੁਧਰਨ ‘ਤੇ ਬਿਨਾ ਜੁਰਮਾਨਾ ਇੱਕ ਮਹੀਨਾ ਹੋਰ ਸਮਾਂ ਦੇਣ ਲਈ ਕਿਹਾ
-ਜਿਲ੍ਹਾ ਮੈਜਿਸਟ੍ਰੇਟ ਵੱਲੋਂ ਸਕੂਲ ਪ੍ਰਬੰਧਕਾਂ ਨੂੰ ਅੰਤਿਮ ਮਿਤੀ ਮੁੜ ਨਿਰਧਾਰਤ ਕਰਨ ਦੇ ਹੁਕਮ
ਲੁਧਿਆਣਾ, 4 ਅਪ੍ਰੈੱਲ ( ਰਾਜਿੰਦਰ ਸਿੰਘ -ਨਿਊਜ਼ ਪੰਜਾਬ )-ਵਿਸ਼ਵ ਭਰ ਵਿੱਚ ਫੈਲੀ ਭਿਆਨਕ ਬਿਮਾਰੀ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਚੱਲਦਿਆਂ ਪੰਜਾਬ ਸਰਕਾਰ ਦੇ ਨਿਰਦੇਸ਼ ‘ਤੇ ਜਿਲ੍ਹਾ ਲੁਧਿਆਣਾ ਵਿੱਚ ਕਰਫਿਊ/ਲੌਕਡਾਊਨ ਜਾਰੀ ਹੈ। ਜਿਸ ਨੂੰ ਧਿਆਨ ਵਿੱਚ ਰੱਖਦਿਆਂ ਜਿਲ੍ਹਾ ਪ੍ਰਸਾਸ਼ਨ ਵੱਲੋਂ ਸਕੂਲੀ ਵਿਦਿਆਰਥੀਆਂ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਫੀਸਾਂ ਜਮ੍ਹਾ ਕਰਾਉਣ ਲਈ ਰਾਹਤ ਦਿੱਤੀ ਗਈ ਹੈ।
ਇਸ ਸੰਬੰਧੀ ਹੁਕਮ ਜਾਰੀ ਕਰਦਿਆਂ ਜਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਮੂਹ ਗੈਰ ਸਰਕਾਰੀ ਵਿਦਿਅਕ ਸੰਸਥਾਵਾਂ ਫੀਸ ਜਮ੍ਹਾ ਕਰਵਾਉਣ ਦੀ ਅੰਤਿਮ ਮਿਤੀ ਨੂੰ ਰੀ-ਸ਼ਡਿਊਲ ਕਰਨਗੀਆਂ ਅਤੇ ਪੇਰੈਂਟਸ ਨੂੰ ਫੀਸ ਜਮ੍ਹਾ ਕਰਾਉਣ ਲਈ ਮਜ਼ਬੂਰ ਨਹੀਂ ਕਰਨਗੀਆਂ। ਹਾਲਾਤ ਸੁਧਰਨ ਉਪਰੰਤ ਸੰਬੰਧਤ ਵਿਦਿਆਰਥੀਆਂ ਦੇ ਮਾਪਿਆਂ ਨੂੰ ਦਾਖ਼ਲੇ ਦੀ ਫੀਸ ਜਮ੍ਹਾ ਕਰਵਾਉਣ ਲਈ ਇੱਕ ਮਹੀਨੇ ਦਾ ਸਮਾਂ ਉਪਲੱਬਧ ਕਰਵਾਉਣਾ ਲਾਜ਼ਮੀ ਹੈ। ਫੀਸ ਲੈਣ ਸਮੇਂ ਕੋਈ ਵੀ ਵਾਧੂ ਜੁਰਮਾਨਾ ਆਦਿ ਨਹੀਂ ਲਗਾਇਆ ਜਾਵੇਗਾ।
ਸ੍ਰੀ ਅਗਰਵਾਲ ਨੇ ਜ਼ਿਲ•ਾ ਸਿੱਖਿਆ ਅਧਿਕਾਰੀਆਂ ਨੂੰ ਇਸ ਹੁਕਮ ਨੂੰ ਇੰਨ ਬਿੰਨ ਲਾਗੂ ਕਰਾਉਣ ਦੀ ਹਦਾਇਤ ਕੀਤੀ ਹੈ।