37ਵੀਂ ਪੰਜਾਬ ਯੂਥ ਬਾਸਕਟਬਾਲ ਚੈਂਪੀਅਨਸ਼ਿਪ – ਲੁਧਿਆਣਾ ਬਾਸਕਟਬਾਲ ਅਕਾਦਮੀ ਨੇ ਜਿੱਤੇ ਦੋਵੇਂ ਖ਼ਿਤਾਬ


– ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਵੱਲੋਂ ਜੇਤੂ ਟੀਮਾਂ ਦਾ ਸਨਮਾਨ
ਲੁਧਿਆਣਾ, 15 ਨਵੰਬਰ – ਸਥਾਨਕ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡੀ 37ਵੀਂ ਪੰਜਾਬ ਯੂਥ ਬਾਸਕਟਬਾਲ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) ਦੇ ਦੋਵੇਂ ਖਿਤਾਬ ਲੁਧਿਆਣਾ ਬਾਸਕਟਬਾਲ ਅਕਾਦਮੀ ਨੇ ਜਿੱਤ ਕੇ ਆਪਣੀ ਧਾਕ ਨੂੰ ਬਰਕਰਾਰ ਰੱਖਿਆ ਹੈ। ਅੱਜ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਨਗਰ ਨਿਗਮ ਕਮਿਸ਼ਨਰ ਸ਼੍ਰੀਮਤੀ ਸ਼ੇਨਾ ਅਗਰਵਾਲ ਨੇ ਸ਼ਿਰਕਤ ਕੀਤੀ ਅਤੇ ਲੁਧਿਆਣਾ ਬਾਸਕਟਬਾਲ ਅਕਾਦਮੀ ਵੱਲੋਂ ਸਫਲਤਾਪੂਰਵਕ ਇਹ ਈਵੈਂਟ ਕਰਾਉਣ ਲਈ ਮੁਬਾਰਕਬਾਦ ਦਿੱਤੀ।

ਉਹਨਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਅਤੇ ਸਹਾਇਕ ਅਮਲੇ ਨੂੰ ਸੁਨਿਹਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਤੇਜਾ ਸਿੰਘ ਧਾਲੀਵਾਲ, ਜਨਰਲ ਸਕੱਤਰ, ਪੰਜਾਬ ਬਾਸਕਟਬਾਲ ਐਸੋਸੀਏਸ਼ਨ ਨੇ ਦੱਸਿਆ ਕਿ ਅੱਜ ਲੜਕਿਆਂ ਦੇ ਵਰਗ ਵਿੱਚ ਲੁਧਿਆਣਾ ਬਾਸਕਟਬਾਲ ਅਕਾਦਮੀ ਪਹਿਲੇ ਸਥਾਨ ਉੱਤੇ ਰਹੀ ਜਦਕਿ ਪਟਿਆਲਾ ਅਤੇ ਬਠਿੰਡਾ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਉੱਤੇ ਰਹੇ।

ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲਿਆਂ ਵਿੱਚ ਲੁਧਿਆਣਾ ਬਾਸਕਟਬਾਲ ਅਕਾਦਮੀ ਨੇ ਪਹਿਲਾ, ਮੋਹਾਲੀ ਨੇ ਦੂਜਾ ਅਤੇ ਪਟਿਆਲਾ ਨੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਐੱਸ ਪੀ ਐੱਸ ਹਸਪਤਾਲ ਵੱਲੋਂ ਅਕਾਦਮੀ ਦੇ ਸਮੂਹ ਅਹੁਦੇਦਾਰਾਂ, ਕੋਚਾਂ ਅਤੇ ਰੈਫਰੀਆਂ ਨੂੰ 5000 ਰੁਪਏ ਲਾਗਤ ਵਾਲੇ ਫਰੀ ਫੁੱਲ ਬੌਡੀ ਚੈੱਕ ਅੱਪ ਕਾਰਡ ਦਿੱਤੇ ਅਤੇ ਅੱਗੇ ਵਾਸਤੇ ਵੀ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।


ਇਸ ਮੌਕੇ ਸ੍ਰ ਗੁਰਪ੍ਰੀਤ ਸਿੰਘ ਤੂਰ ਸੇਵਾਮੁਕਤ ਪੁਲਿਸ ਅਧਿਕਾਰੀ, ਸ੍ਰ ਇਕਬਾਲ ਸਿੰਘ ਗਿੱਲ ਸੇਵਾਮੁਕਤ ਪੁਲਿਸ ਅਧਿਕਾਰੀ, ਸ਼੍ਰੀ ਸਤੀਸ਼ ਮਲਹੋਤਰਾ ਸੇਵਾਮੁਕਤ ਪੁਲਿਸ ਅਧਿਕਾਰੀ, ਸ੍ਰ ਜੇ ਪੀ ਸਿੰਘ ਪ੍ਰਧਾਨ ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ, ਪ੍ਰੋਫ਼ੈਸਰ ਰਜਿੰਦਰਪਾਲ ਸਿੰਘ, ਸ੍ਰ ਜਗਰੂਪ ਸਿੰਘ ਜਰਖੜ ਖੇਡ ਲੇਖਕ, ਪ੍ਰੋਫ਼ੈਸਰ ਪ੍ਰਭਜੋਤ ਕੌਰ, ਸ਼੍ਰੀ ਰਮੇਸ਼ ਚੱਢਾ, ਸ਼੍ਰੀ ਵਿਜੈ ਚੋਪੜਾ, ਸ੍ਰ ਰਾਜਿੰਦਰ ਸਿੰਘ ਕੋਚ, ਮਿਸ ਸਲੋਨੀ ਕੋਚ, ਸ੍ਰ ਨਰਿੰਦਰਪਾਲ ਕੋਚ, ਸ਼੍ਰੀ ਰਵਿੰਦਰ ਕੋਚ, ਸ੍ਰ ਸੁਖਵਿੰਦਰ ਸਿੰਘ ਕੋਚ ਅਤੇ ਹੋਰ ਹਾਜ਼ਰ ਸਨ।