ਭੋਗ ‘ਤੇ ਵਿਸ਼ੇਸ਼-ਸਰਦਾਰਨੀ ਇੰਦਰਜੀਤ ਕੌਰ ਅਟਵਾਲ – ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਹੋਵੇਗੀ ਅੱਜ ਅੰਤਿਮ ਅਰਦਾਸ

 

ਐਡਵੋਕੇਟ ਚਰਨਜੀਤ ਸਿੰਘ ਅਟਵਾਲ ਦੀ ਧਰਮ ਪਤਨੀ ਅਤੇ ਸਰਦਾਰਨੀ ਇੰਦਰਜੀਤ ਕੌਰ ਅਟਵਾਲ 31 ਅਕਤੂਬਰ ਨੂੰ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਤੇ ਅੰਤਿਮ ਅਰਦਾਸ 10 ਨਵੰਬਰ 2022 ਦਿਨ ਵੀਰਵਾਰ ਨੂੰ ਬਾਅਦ ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਹੋਵੇਗੀ।

ਨਿਊਜ਼ ਪੰਜਾਬ

ਲੁਧਿਆਣਾ , 10 ਨਵੰਬਰ 2022 – ਭਾਰਤੀ ਰੇਲਵੇ ਦੇ ਅਧਿਕਾਰੀ ਹਰੀ ਸਿੰਘ ਦੇ ਘਰ ਤੇ ਮਾਤਾ ਲਾਲ ਕੌਰ ਦੀ ਕੁੱਖੋਂ 22 ਅਗਸਤ 1947 ਨੂੰ ਫਿਰੋਜ਼ਪੁਰ ਕੈਂਟ ਵਿਖੇ ਸਰਦਾਰਨੀ ਇੰਦਰਜੀਤ ਕੌਰ ਅਟਵਾਲ ਦਾ ਜਨਮ ਹੋਇਆ। ਪਿਤਾ ਰੇਲਵੇ ਵਿਚ ਨੌਕਰੀ ਕਰਦੇ ਹੋਣ ਕਰਕੇ ਉਹ ਆਪਣੇ ਪਰਿਵਾਰ ਸਮੇਤ ਲੁਧਿਆਣਾ ਆ ਗਏ। ਸਰਦਾਰਨੀ ਅਟਵਾਲ ਨੇ ਦਸਵੀਂ ਸਰਗੋਧਾ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਅਤੇ ਬੀ.ਏ. ਸਰਕਾਰੀ ਕੰਨਿਆ ਕਾਲਜ ਲੁਧਿਆਣਾ ਤੋਂ ਪਾਸ ਕੀਤੀ।ਉਨ੍ਹਾਂ ਨੇ 8ਵੀਂ ਬੈਜਨਾਥ ਜ਼ਿਲ੍ਹਾ ਕਾਂਗੜਾ ਤੋਂ ਪਾਸ ਕੀਤੀ। ਉਹ ਇੰਜੀਨੀਅਰ ਕਮਲਜੀਤ ਸਿੰਘ ਗਿੱਲ ਦੀ ਛੋਟੇ ਭੈਣ ਅਤੇ ਸ.ਪਰਮਜੀਤ ਸਿੰਘ ਗਿੱਲ, ਡਾ.ਹਰਪ੍ਰੇਮ ਸਿੰਘ ਗਿੱਲ ਤੇ ਪ੍ਰਦੀਪ ਕੌਰ ਦੀ ਵੱਡੀ ਭੈਣ ਸਨ। ਪਿਤਾ ਵਲੋਂ ਦਸਵੀਂ ਤੋਂ ਬਾਅਦ ਹੋਰ ਪੜ੍ਹਾਈ ਕਰਨ ਤੋਂ ਮਨ੍ਹਾਂ ਕਰ ਦਿੱਤਾ ਗਿਆ, ਤਾਂ ਉਨ੍ਹਾਂ ਨੇ ਵੱਡੇ ਭਰਾ ਇੰਜੀਨੀਅਰ ਕਮਲਜੀਤ ਸਿੰਘ ਨੇ ਘਰ ਦਿਆਂ ਤੋਂ ਚੋਰੀ ਕਿਸੇ ਤੋਂ ਉਧਾਰੇ ਪੈਸੇ ਲੈ ਕੇ ਸਰਕਾਰੀ ਕਾਲਜ ਲੜਕੀਆਂ ਵਿਚ ਬੀ.ਏ. ਵਿਚ ਦਾਖ਼ਲ ਕਰਵਾਇਆ। ਉਨ੍ਹਾਂ ਨੇ ਪਿਤਾ ਨੂੰ 6 ਮਹੀਨੇ ਬਾਅਦ ਕਾਲਜ ਵਿਚ ਦਾਖ਼ਲ ਹੋਣ ਬਾਰੇ ਪਤਾ ਲੱਗਿਆ। ਉਹ ਗ੍ਰਹਿ ਵਿਗਿਆਨ ਤੇ ਖਾਣਾ ਬਣਾਉਣ ਵਿਚ ਨੰਬਰ ਇਕ ਸਨ, ਐਨ.ਸੀ.ਸੀ. ਦੇ ਏ. ਸ਼੍ਰੇਣੀ ਦੇ ਕੈਡਿਟ ਸਨ, ਉਨ੍ਹਾਂ ਨੂੰ ਬੈਡਮਿੰਟਨ ਖੇਡਣ ਦਾ ਸ਼ੌਕ ਸੀ, ਧਾਰਮਿਕ ਖਿਆਲਾਂ ਦੇ ਨਾਲ-ਨਾਲ ਉਨ੍ਹਾਂ ਵਿਚ ਸਮਾਜਸੇਵਾ ਦੀ ਭਾਵਨਾ ਸ਼ੁਰੂ ਤੋਂ ਹੀ ਸੀ। ਉਹ ਬੀ.ਏ.ਪਾਸ ਕਰਨ ਤੋਂ ਬਾਅਦ ਬੀ.ਐਡ. ਕਰਨਾ ਚਾਹੁੰਦੇ ਸਨ, ਪਰ ਵੱਡੇ ਭਰਾ ਕਮਲਜੀਤ ਸਿੰਘ ਗਿੱਲ ਦੇ ਕਹਿਣ ’ਤੇ ਉਨ੍ਹਾਂ ਦਾ ਫ਼ਰਵਰੀ 1968 ਵਿਚ ਐਡਵੋਕੇਟ ਚਰਨਜੀਤ ਸਿੰਘ ਅਟਵਾਲ ਦੇ ਨਾਲ ਲੁਧਿਆਣਾ ਦੀ ਰੇਲਵੇ ਕਲੋਨੀ ਬੰਗਲਾ ਨੰਬਰ ਐਲ.5 ਡੀ. ਵਿਖੇ ਵਿਆਹ ਹੋਇਆ। ਰਿਸ਼ਤਾ ਪੱਕਾ ਕਰਨ ਸਮੇਂ ਉਨ੍ਹਾਂ ਦੇ ਭਰਾ ਕਮਲਜੀਤ ਸਿੰਘ ਨੇ ਸ.ਅਟਵਾਲ ਤੋਂ ਵਚਨ ਲਿਆ ਕਿ ਉਹ ਵਿਆਹ ਤੋਂ ਬਾਅਦ ਉਨ੍ਹਾਂ ਦੀ ਭੈਣ ਨੂੰ ਬੀ.ਐਡ. ਦੀ ਪੜ੍ਹਾਈ ਕਰਵਾਉਣਗੇ। ਵਿਆਹ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ ਪਹਿਲੀ ਸਪੁੱਤਰੀ ਕੁਲਮਿੰਦਰਜੀਤ ਕੌਰ ਨੇ ਜਨਮ ਲਿਆ। ਸਪੁੱਤਰੀ ਦੇ ਜਨਮ ਤੋਂ ਬਾਅਦ ਉਨ੍ਹਾਂ ਨੇ ਬੀ.ਐਡ. ਕਰਨ ਲਈ ਮਾਲਵਾ ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਵਿਖੇ ਦਾਖ਼ਲਾ ਲਿਆ। 1970 ਵਿਚ ਉਹ ਸਰਕਾਰੀ ਅਧਿਆਪਕ ਵਜੋਂ ਭਰਤੀ ਹੋ ਗਏ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ ਵਿਖੇ ਪੜ੍ਹਾਇਆ, ਉਸ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਵਾਹਰਨਗਰ ਕੈਂਪ ਵਿਖੇ ਪੜ੍ਹਾਈ ਕਰਵਾਈ ਅਤੇ ਜਵੱਦੀ ਸਰਕਾਰੀ ਸਕੂਲ ਤੋਂ ਉਹ ਹੈਡ ਮਿਸਟਰਸ ਵਜੋਂ ਸੇਵਾ ਮੁਕਤ ਹੋਏ। ਉਨ੍ਹਾਂ ਦੀ ਕੁੱਖੋਂ ਕੁਲਮਿੰਦਰਜੀਤ ਕੌਰ, ਪਰਮਿੰਦਰ ਕੌਰ, ਤ੍ਰਿਪਤਜੀਤ ਕੌਰ ਅਤੇ ਸਪੁੱਤਰਾਂ ਇੰਦਰਇਕਬਾਲ ਸਿੰਘ ਅਟਵਾਲ ਤੇ ਜਸਜੀਤ ਸਿੰਘ ਅਟਵਾਲ ਨੇ ਜਨਮ ਲਿਆ। ਸ.ਅਟਵਾਲ 1957 ਵਿਚ ਹੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਸਨ। ਸਿਆਸੀ ਰੁਝੇਵੇਂ ਹੋਣ ਕਰਕੇ ਉਹ ਕਈ ਵਾਰ ਜ਼ੇਲ੍ਹ ਰਹੇ ਅਤੇ ਕਈ ਵਾਰ ਉਨ੍ਹਾਂ ਨੂੰ ਰੂਹਪੋਸ਼ ਰਹਿਣਾ ਪਿਆ, ਅਜਿਹੇ ਹਲਾਤਾਂ ਵਿਚ ਸਰਦਾਰਨੀ ਅਟਵਾਲ ਨੇ ਆਪਣੇ ਭਰਾਵਾਂ ਦੀ ਸੇਧ ਨਾਲ ਆਪਣੇ ਸਾਰੇ ਬੱਚਿਆਂ ਨੂੰ ਉੱਚੇਰੀ ਸਿੱਖਿਆ ਦੁਆਈ। ਜਿਸ ਕਰਕੇ ਹੀ ਅੱਜ ਉਨ੍ਹਾਂ ਦੇ ਬੱਚੇ ਵੱਖ-ਵੱਖ ਖੇਤਰਾਂ ਵਿਚ ਸੇਵਾਵਾਂ ਨਿਭਾਅ ਰਹੇ ਹਨ। ਜਿਸ ਸਮੇਂ ਸਰਦਾਰਨੀ ਅਟਵਾਲ ਦਾ ਚਰਨਜੀਤ ਸਿੰਘ ਨਾਲ ਵਿਆਹ ਹੋਇਆ, ਤਾਂ ਉਹ ਵਕਾਲਤ ਕਰਦੇ ਸਨ। 1969 ਵਿਚ ਉਨ੍ਹਾਂ ਨੇ ਪਹਿਲੀ ਵਾਰ ਲੁਧਿਆਣਾ ਪੱਛਮੀ ਤੋਂ ਚੋਣ ਲੜੀ ਪਰ ਕੁੱਝ ਵੋਟਾਂ ਨਾਲ ਉਹ ਹਾਰ ਗਏ। ਸ.ਅਟਵਾਲ 1977 ਵਿਚ ਪਹਿਲੀ ਵਾਰ ਹਲਕਾ ਦਾਖਾ ਤੋਂ ਵਿਧਾਇਕ ਬਣੇ, 1985 ਵਿਚ ਉਨ੍ਹਾਂ ਨੇ ਲੋਕ ਸਭਾ ਹਲਕਾ ਰੋਪੜ ਤੋਂ ਚੋਣ ਲੜੀ ਅਤੇ ਉਹ ਲੋਕ ਸਭਾ ਮੈਂਬਰ ਬਣੇ। ਦੋ ਸਾਲ ਬਾਅਦ ਦੇਸ਼ ਦੀ ਵਿਰੋਧੀ ਧਿਰ ਵਲੋਂ ਬਫੌਰਸ ਖ੍ਰੀਦ ਦੇ ਮਾਮਲੇ ਵਿਚ ਸਮੂਹਿਕ ਤੌਰ ’ਤੇ ਅਸਤੀਫ਼ੇ ਦੇਣ ਦਾ ਫ਼ੈਸਲਾ ਕੀਤਾ। ਪਹਿਲੇ ਦਿਨ ਵਿਰੋਧੀ ਧਿਰ ਦੇ ਜਿਹੜੇ 73 ਲੋਕ ਸਭਾ ਮੈਂਬਰਾਂ ਵਲੋਂ ਅਸਤੀਫ਼ਾ ਦਿੱਤਾ ਗਿਆ, ਉਸ ਵਿਚ ਪੰਜਾਬ ਵਿਚੋਂ ਸਿਰਫ਼ ਚਰਨਜੀਤ ਸਿੰਘ ਅਟਵਾਲ ਸਨ, ਜੋ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦੇ ਆਏ ਸਨ। ਆਪਣੇ ਸੁਭਾਅ ਅਨੁਸਾਰ ਉਹ ਅਸਤੀਫ਼ਾ ਦੇਣ ਤੋਂ ਬਾਅਦ ਰੇਲ ਗੱਡੀ ਰਾਹੀਂ ਲੁਧਿਆਣਾ ਆਪਣੇ ਘਰ ਆ ਗਏ, ਜਦੋਂ ਇਸ ਸਬੰਧੀ ਠੇਕੇਦਾਰ ਸੁਰਜਨ ਸਿੰਘ, ਸ਼ੇਰ ਸਿੰਘ ਬੱਬਰ ਤੇ ਹੋਰ ਸਾਥੀ ਉਨ੍ਹਾਂ ਦੇ ਘਰ ਆ ਗਏ ਅਤੇ ਕਿਹਾ ਕਿ ਤੁਸੀਂ ਏਨਾ ਵੱਡਾ ਕੰਮ ਕਰਕੇ ਚੁੱਪ ਚਾਪ ਘਰ ਆ ਕੇ ਅਰਾਮ ਕਰਨ ਲੱਗ ਪਏ, ਅਸੀਂ ਤੁਹਾਡਾ ਸ਼ਾਨਦਾਰ ਸਵਾਗਤ ਕਰਨਾ ਹੈ। ਤਾਂ ਸਾਰਾ ਜੱਥਾ ਸ.ਅਟਵਾਲ ਨੂੰ ਅੰਬਾਲਾ ਰੇਲਵੇ ਸਟੇਸ਼ਨ ਛੱਡ ਕੇ ਆਇਆ, ਉਸ ਤੋਂ ਬਾਅਦ ਉਨ੍ਹਾਂ ਦਾ ਲੁਧਿਆਣਾ ਵਿਖੇ ਸ਼ਾਨਦਾਰ ਸਵਾਗਤ ਹੋਇਆ ਅਤੇ ਸਾਰੇ ਪਲੇਟਫਾਰਮ ਸµਗਤ ਦੇ ਇਕੱਠ ਨਾਲ ਭਰੇ ਹੋਏ ਸਨ ਅਤੇ ਸਾਰੇ ਚੌੜਾ ਬਜ਼ਾਰ ਵਿਚੋਂ ਜਲੂਸ ਕੱਢਿਆ ਗਿਆ। ਲੋਕ ਸਭਾ ਦੇ ਮੈਂਬਰ ਵਜੋਂ ਅਸਤੀਫ਼ਾ ਦੇਣ ਨਾਲ ਸ.ਅਟਵਾਲ ਦੀ ਪਹਿਚਾਣ ਭਾਈਚਾਰੇ ਦੀ ਲੀਡਰ ਦੀ ਥਾਂ ’ਤੇ ਇਕ ਸਿੱਖ ਆਗੂ ਵਜੋਂ ਹੋ ਗਈ ਸੀ। 1990 ਵਿਚ ਉਨ੍ਹਾਂ ਨੇ ਵਿਧਾਨ ਸਭਾ ਹਲਕਾ ਕੂੰਮ ਕਲਾਂ ਤੋਂ ਚੋਣ ਲੜਨ ਦੀ ਤਿਆਰੀ ਕੀਤੀ, ਪਰ ਚੋਣ ਰੱਦ ਹੋ ਗਈ। 1991 ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਬਾਈਕਾਟ ਕਰਨ ਕਰਕੇ ਅਕਾਲੀ ਦਲ ਨੇ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ। 1997 ਵਿਚ ਉਹ ਕੂੰਮਕਲਾਂ ਤੋਂ ਚੋਣ ਲੜ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਬਣੇ। 2002 ਵਿਚ ਉਨ੍ਹਾਂ ਦੇ ਸਪੁੱਤਰ ਇੰਦਰਇਕਬਾਲ ਸਿੰਘ ਅਟਵਾਲ ਨੇ ਕੂੰਮ ਕਲਾਂ ਤੇ ਸ.ਅਟਵਾਲ ਨੇ ਕਰਤਾਰਪੁਰ ਸਾਹਿਬ ਤੋਂ ਚੋਣ ਲੜੀ, ਜਿਸ ਦੌਰਾਨ ਉਨ੍ਹਾਂ ਦੇ ਸਪੁੱਤਰ ਦੀ ਜਿੱਤ ਹੋਈ ਅਤੇ ਉਨ੍ਹਾਂ ਦੀ ਹਾਰ ਹੋਈ। 2004 ਵਿਚ ਉਨ੍ਹਾਂ ਪਾਰਟੀ ਵਲੋਂ ਲੋਕ ਸਭਾ ਹਲਕਾ ਰੋਪੜ ਤੋਂ ਚੋਣ ਲੜਾਈ ਗਈ, ਜਿਸ ਦੌਰਾਨ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪਾਰਟੀ ਵਲੋਂ ਉਨ੍ਹਾਂ ਨੂੰ ਲੋਕ ਸਭਾ ਦਾ ਡਿਪਟੀ ਸਪੀਕਰ ਬਣਾਇਆ ਗਿਆ। ਉਹ ਕਾਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਦੇ ਉਪ ਚੇਅਰਮੈਨ ਅਤੇ 112ਵੀਂ ਇੰਟਰ ਪਾਰਲੀਮੈਂਟਰੀ ਯੂਨੀਅਨ ਦੇ ਉਪ ਚੇਅਰਮੈਨ ਵੀ ਰਹੇ। 2012 ਵਿਚ ਉਨ੍ਹਾਂ ਨੇ ਵਿਧਾਨ ਸਭਾ ਹਲਕਾ ਪਾਇਲ ਤੋਂ ਚੋਣ ਲੜੀ ਅਤੇ ਉਹ ਦੂਸਰੀ ਵਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਬਣੇ। 2017 ਵਿਚ ਉਨ੍ਹਾਂ ਨੇ ਸਪੁੱਤਰ ਇੰਦਰਇਕਬਾਲ ਸਿੰਘ ਅਟਵਾਲ ਨੇ ਹਲਕਾ ਰਾਏਕੋਟ ਤੋਂ ਚੋਣ ਲੜੀ। 2019 ਵਿਚ ਉਨ੍ਹਾਂ ਨੇ ਲੋਕ ਸਭਾ ਹਲਕਾ ਜਲੰਧਰ ਤੋਂ ਚੋਣ ਲੜੀ ਅਤੇ ਥੋੜੀਆਂ ਵੋਟਾਂ ਤੋਂ ਚੋਣ ਹਾਰ ਗਏ। ਸ.ਅਟਵਾਲ ਨੇ ਸਰਕਾਰੀ ਅਧਿਆਪਕ ਵਜੋਂ ਸਰਕਾਰੀ ਸਕੂਲ ਕ੍ਰਿਸ਼ਨ ਨਗਰ ਕਾਂਗੜਾ ਭਲਿਆਣਾ ਸਰਕਾਰੀ ਸਕੂਲਾਂ ਵਿਖੇ ਵਿਦਿਆਰਥੀਆਂ ਨੂੰ ਪੜ੍ਹਾਈ ਵੀ ਕਰਵਾਈ। ਅਧਿਆਪਕ ਦੀ ਨੌਕਰੀ ਛੱਡ ਕੇ ਸ.ਅਟਵਾਲ ਵਕਾਲਤ ਕਰਨ ਲੱਗ ਪਏ। ਐਮਰਜੈਂਸੀ ਸਮੇਂ ਘਰ ਦੇ ਹਲਾਤ ਸਹੀ ਨਹੀਂ ਸਨ ਅਤੇ ਉਹ ਜ਼ੇਲ੍ਹ ਵਿਚ ਸਨ, ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਸਰਦਾਰਨੀ ਇੰਦਰਜੀਤ ਕੌਰ ਨੇ ਪਰਿਵਾਰ ਦਾ ਪਾਲਣ ਪੌਸ਼ਣ ਤੰਗ ਤੁਰਸ਼ੀਆਂ ਦੇ ਨਾਲ ਕੀਤਾ। ਘਰ ਦੇ ਹਲਾਤ ਉਸ ਸਮੇਂ ਸਹੀ ਹੋਏ, ਜਦੋਂ 1970 ਵਿਚ ਉਨ੍ਹਾਂ ਦੀ ਪਤਨੀ ਨੂੰ 200 ਰੁਪਏ ਮਹੀਨਾ ਸਰਕਾਰੀ ਨੌਕਰੀ ਮਿਲ ਗਈ। ਸ.ਅਟਵਾਲ ਦੀ ਕਾਬਲੀਅਤ ਨੂੰ ਦੇਖਦੇ ਹੋਏ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ 1976 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਅਤੇ ਉਹ 2 ਸਾਲ ਐਸ.ਜੀ.ਪੀ.ਸੀ. ਦੇ ਸਲਾਹਕਾਰ ਰਹੇ। ਸ.ਅਟਵਾਲ ਆਪਣੀ ਹੁਣ ਤੱਕ ਦੀ ਕਾਮਯਾਬੀ ਦਾ ਸਿਹਰਾ ਆਪਣੀ ਸਵਗਵਾਸੀ ਪਤਨੀ ਇੰਦਰਜੀਤ ਕੌਰ ਅਟਵਾਲ ਨੂੰ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਮੇਰੀ ਜ਼ਿੰਦਗੀ ਵਿਚ ਨਾ ਹੁੰਦੀ, ਤਾਂ ਨਾ ਮੇਰੇ ਬੱਚਿਆਂ ਨੇ ਪੜ੍ਹ ਲਿਖ ਕੇ ਕਾਬਲ ਬਣ ਸਕਣਾ ਸੀ ਅਤੇ ਨਾ ਮੈਂ ਇਸ ਮੁਕਾਮ ’ਤੇ ਪੁੱਜ ਸਕਣਾ ਸੀ। ਉਨ੍ਹਾਂ ਕਿਹਾ ਕਿ ਉਹ ਦੁਨੀਆਂ ਦੇ ਸਭ ਤੋਂ ਵੱਧ ਕਿਸਮਤ ਵਾਲੇ ਇਨਸਾਨ ਹਨ, ਜਿੰਨ੍ਹਾਂ ਨੂੰ ਇੰਦਰਜੀਤ ਕੌਰ ਵਰਗੀ ਜੀਵਨ ਸਾਥਣ ਮਿਲੀ।
ਸਰਦਾਰਨੀ ਇੰਦਰਜੀਤ ਕੌਰ ਅਟਵਾਲ 31 ਅਕਤੂਬਰ ਨੂੰ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਤੇ ਅੰਤਿਮ ਅਰਦਾਸ 10 ਨਵੰਬਰ 2022 ਦਿਨ ਵੀਰਵਾਰ ਨੂੰ ਬਾਅਦ ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਹੋਵੇਗੀ।