ਇੱਕੋ ਆਗੂ ਨੇ ਪੰਜਾਬ ਸਰਕਾਰ ਨੂੰ 5 ਕਰੋੜ 5 ਲੱਖ ਰੁਪਏ ਦੇ ਦਿੱਤੇ ਕੋਰੋਨਾ ਜੰਗ ਲਈ – ਬਾਕੀ ਲੀਡਰ ਹਾਲੇ ਸੋਚ ਰਹੇ ਹਨ


ਚੰਡੀਗੜ•, 3 ਅਪਰੈਲ ( ਨਿਊਜ਼ ਪੰਜਾਬ ) ਪੰਜਾਬ ਦੇ ਇਕੋ ਬੰਦੇ ਨੇ 5 ਕਰੋੜ ਰੁਪਏ ਦੀ ਰਕਮ ਕੋਰੋਨਾ ਵਾਇਰਸ ਨਾਲ ਲੜਣ ਲਈ ਪੰਜਾਬ ਸਰਕਾਰ ਨੂੰ ਦੇ ਦਿਤੀ ਹੈ ਪ੍ਰੰਤੂ ਸਰਕਾਰਾਂ ਤੋਂ ਲੱਖਾਂ ਰੁਪਏ ਦੀ ਪੈਨਸ਼ਨ ਲੈਣ ਵਾਲੇ ਪਾਰਲੀਮੈਂਟ , ਰਾਜਸਭਾ ਅਤੇ ਵਿਧਾਨ ਸਭਾ ਦੇ ਬਹੁਤੇ ਮੁਜ਼ਉਦਾ ਅਤੇ ਸਾਬਕਾ ਮੈਂਬਰ ਹਾਲੇ ਸੋਚ ਰਹੇ ਹਨ ਪਰ ਆਮ ਆਦਮੀ ਥੋੜੀ – ਥੋੜੀ ਰਕਮ ਨਾਲ ਵੀ ਯੋਗਦਾਨ ਪਾ ਰਹੇ ਹਨ |  ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਲਈ ਸਥਾਪਤ ਕੀਤੇ ਮੁੱਖ ਮੰਤਰੀ ਕੋਵਿਡ-19 ਰਾਹਤ ਫੰਡ ਵਿੱਚ ਹੁਣ ਦਾ ਸਭ ਤੋਂ ਵੱਡਾ ਯੋਗਦਾਨ ਪਾਉਂਦਿਆਂ ਡੀ-ਮਾਰਟ ਤੇ ਢਿੱਲੋਂ ਗਰੁੱਪ 5.05 ਕਰੋੜ (5 ਕਰੋੜ ਤੇ ਪੰਜ ਲੱਖ) ਰੁਪਏ ਦਾਨ ਕੀਤੇ। ਇਸ ਗਰੁੱਪ ਵੱਲੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋ, ਕਰਨ ਢਿੱਲੋਂ ਤੇ ਕੰਵਰ ਢਿੱਲੋਂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਇਸ ਰਾਹਤ ਰਾਸ਼ੀ ਦਾ ਚੈਕ ਭੇਂਟ ਕੀਤਾ।
ਪੰਜਾਬ ਸਰਕਾਰ ਵੱਲੋਂ ਇਸ ਰਾਹਤ ਫੰਡ ਨੂੰ ਸਥਾਪਤ ਕਰਨ ਦਾ ਐਲਾਨ ਮੁੱਖ ਮੰਤਰੀ ਨੇ 24 ਮਾਰਚ ਨੂੰ ਕੀਤਾ ਗਿਆ ਸੀ ਜਿਸ ਦੀ ਰਾਸ਼ੀ ਲੋੜਵੰਦਾਂ, ਗਰੀਬਾਂ ਦੀ ਮੱਦਦ ਲਈ ਵਰਤੀ ਜਾਵੇਗੀ। ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ, ਕਾਰਪੋਰਟਾਂ ਨੂੰ ਖੁੱਲ•ੇ ਦਿਲ ਨਾਲ ਦਾਨ ਕਰਨ ਦੀ ਅਪੀਲ ਕੀਤੀ ਸੀ।
ਮੁੱਖ ਮੰਤਰੀ ਨੇ ਇਸ ਯੋਗਦਾਨ ਲਈ ਸ਼ਲਾਘਾ ਕਰਦਿਆਂ ਕੇਵਲ ਸਿੰਘ ਢਿੱਲੋਂ ਨੂੰ ਕਿਹਾ ਕਿ ਉਨ•ਾਂ ਨੇ ਸੱਚੇ ਪੰਜਾਬੀ ਹੋਣ ਦਾ ਫਰਜ਼ ਨਿਭਾਉਂਦਿਆਂ ਪੂਰੀ ਪੰਜਾਬੀਅਤ ਦੀ ਮੱਦਦ ਲਈ ਯੋਗਦਾਨ ਪਾਇਆ ਹੈ। ਉਨ•ਾਂ ਕਿਹਾ ਕਿ ਸੰਕਟ ਦੀ ਘੜੀ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਲੋੜਵੰਦਾਂ, ਗਰੀਬਾਂ ਦੇ ਨਾਲ ਇਸ ਜੰਗ ਵਿੱਚ ਅੱਗੇ ਲੱਗ ਕੇ ਕੰਮ ਕਰ ਰਹੇ ਵਿਅਕਤੀਆਂ ਦੀ ਮੱਦਦ ਅਤੇ ਰਾਹਤ ਲਈ ਕੰਮ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਨੇ ਹਮੇਸ਼ਾ ਹੀ ਪੰਜਾਬ ਦੇ ਵੱਡੇ ਹਿੱਤਾਂ ਲਈ ਵੱਡੇ ਕਦਮ ਚੁੱਕੇ ਹਨ। ਅਤਿਵਾਦ ਦੇ ਸਮੇਂ ਜਦੋਂ ਪੰਜਾਬ ਵਿੱਚੋਂ ਨਿਵੇਸ਼ ਤੇ ਉਦਯੋਗ ਘਟ ਗਏ ਸਨ ਤਾਂ ਢਿੱਲੋਂ ਗਰੁੱਪ ਨੇ ਸੰਗਰੂਰ ਵਿਖੇ ਪੈਪਸੀਕੋ ਸਥਾਪਤ ਕਰ ਕੇ ਵੱਡਾ ਯੋਗਦਾਨ ਪਾਇਆ ਸੀ ਜਿਹੜਾ ਅੱਜ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਹੋਰਨਾਂ ਨੂੰ ਵੀ ਰਾਹਤ ਫੰਡ ਵਿੱਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ ਲਈ ਕਿਹਾ ਤਾਂ ਜੋ ਇਸ ਸੰਕਟ ਕਾਰਨ ਔਕੜਾਂ ਚੱਲਣ ਵਾਲਿਆਂ ਨੂੰ ਰਾਹਤ ਪਹੁੰਚਾਈ ਜਾਵੇ। ਉਨ•ਾਂ ਕਿਹਾ ਕਿ ਸੂਬਾ ਸਰਕਾਰ ਇਸ ਔਖੀ ਘੜੀ ਵਿੱਚ ਹਰ ਸੰਭਵ ਉਪਰਾਲੇ ਕਰ ਰਹੀ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਹਰੇਕ ਜ਼ਿੰਮੇਵਾਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਇਸ ਮਹਾਂਮਾਰੀ ਕਾਰਨ ਪੈਦਾ ਹੋਏ ਸੰਕਟ ਨਾਲ ਨਜਿੱਠਣ ਲਈ ਆਪਣਾ ਯੋਗਦਾਨ ਪਾਉਣ ਤਾਂ ਹਰ ਇਕ ਜਾਨ ਬਚਾਈ ਜਾ ਸਕੇ ਅਤੇ ਮੁੜ ਪਹਿਲਾਂ ਵਾਲੇ  ਹਾਲਾਤ ਬਣ ਸਕਣ।