ਕੈਨੇਡਾ ਰਹਿੰਦੇ ਮੁੰਡੇ ਲਈ ਸੋਹਣੀ ਕੁੜੀ ਲੱਭ ਰਹੇ ਪਿਓ – ਪੁੱਤ ਹੋਏ ਅੰਦਰ – ਕੰਮ ਅਜਿਹਾ ਕੀਤਾ ਕਿ ਪੁਲਿਸ ਨੂੰ ਕਰਨੀ ਪਈ ਕਾਰਵਾਈ

ਲੜਕੀਆਂ ਦੇ ਸੁੰਦਰਤਾ ਮੁਕਾਬਲੇ ਦਾ ਇਸ਼ਤਿਹਾਰ ਛਪਵਾਉਣ ਵਾਲੇ ਪਿਓ-ਪੁੱਤ ਕਾਬੂ

ਬਠਿੰਡਾ : ਬਠਿੰਡਾ ਦੇ ਇੱਕ ਪਰਿਵਾਰ ਨੇ ਕੈਨੇਡਾ ਰਹਿੰਦੇ ਆਪਣੇ ਮੁੰਡੇ ਲਈ ਸੁੰਦਰ ਕੁੜੀ ਦਾ ਰਿਸ਼ਤਾ ਲੱਭਣ ਲਈ ਇੱਕ ਵੱਖਰਾ ਹੀ ਕੰਮ ਕਰ ਲਿਆ ਜਿਸ ਨੇ ਪਿਓ -ਪੁੱਤ ਨੂੰ ਪੁਲਿਸ ਦੀਆਂ ਸਲਾਖਾ ਅੰਦਰ ਕਰਵਾ ਦਿੱਤਾ।

ਸੁੰਦਰ ਕੁੜੀ ਦਾ ਰਿਸ਼ਤਾ ਲੱਭਣ ਲਈ ਉਹਨਾਂ ਇਸ ਸਬੰਧੀ ਸ਼ਹਿਰ ਵਿੱਚ ਪੋਸਟਰ ਲਾ ਦਿੱਤੇ , ਪੋਸਟਰਾਂ ‘ਚ ਮੋਟੇ ਅੱਖਰਾਂ ਵਿਚ ਸੁੰਦਰ ਕੁੜੀਆਂ ਦਾ ਮੁਕਾਬਲਾ ਲਿਖਿਆ ਗਿਆ ਸੀ। ਉਸ ਦੇ ਹੇਠਾਂ ਲਿਖਿਆ ਗਿਆ ਸੀ ਕਿ ਬਠਿੰਡਾ ਵਿਚ 23 ਅਕਤੂਬਰ ਨੂੰ 12 ਤੋਂ 2 ਵਜੇ ਤਕ ਜਨਰਲ ਕੈਟੇਗਿਰੀ ਦੀਆਂ ਸੁੰਦਰ ਕੁੜੀਆਂ ਦਾ ਮੁਕਾਬਲਾ ਰੱਖਿਆ ਗਿਆ ਹੈ। ਮੁਕਾਬਲਾ ਜਿੱਤਣ ਵਾਲੀ ਜਨਰਲ ਕੈਟੇਗਿਰੀ ਦੀ ਕੁੜੀ ਨੂੰ ਕੈਨੇਡਾ ਐਨਆਰਆਈ ਜਨਰਲ ਕੈਟੇਗਿਰੀ ਪੱਕੇ ਮੁੰਡੇ ਨਾਲ ਪੱਕੇ ਵਿਆਹ ਦੀ ਪੇਸ਼ਕਸ਼ ਦਿੱਤੀ ਜਾਵੇਗੀ।

ਇਸ ਪੋਸਟਰ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਪਿਛੋਂ ਜਿਥੇ ਪੁਲਿਸ ਨੇ ਘੋਖ ਸ਼ੁਰੂ ਕਰ ਦਿੱਤੀ ਤੇ ਹੋਟਲ ਦੇ ਮਾਲਕ ਨੇ ਵੀ ਪੁਲਿਸ ਕੋਲ ਪ੍ਰਬੰਧਕ ਪਿਉ-ਪੁੱਤ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੱਸਿਆ ਕਿ ਉਸ ਦੇ ਹੋਟਲ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਉਕਤ ਪਿਉ-ਪੁੱਤ ਨੇ ਪੋਸਟਰਾਂ ‘ਚ ਹੋਟਲ ਦਾ ਨਾਂ ਬਿਨਾਂ ਪੁੱਛੇ ਕੇ ਲਿਖਿਆ ਹੈ। ਥਾਣਾ ਕੋਤਵਾਲੀ ਪੁਲਿਸ ਨੇ ਸੁਰਿੰਦਰ ਸਿੰਘ ਤੇ ਉਸ ਦੇ ਪਿਤਾ ਰਾਮ ਦਿਆਲ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ । ਦੋਵਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਰਾਮ ਦਿਆਲ ਸਿੰਘ ਦਾ ਪੁੱਤਰ ਕੈਨੇਡਾ ਵਿਖੇ ਪੱਕਾ ਹੈ ਤੇ ਉਸ ਦੇ ਵਿਆਹ ਲਈ ਉਹ ਕਿਸੇ ਸੁੰਦਰ ਕੁੜੀ ਦੀ ਭਾਲ ‘ਚ ਸਨ। ਇਸ ਮਕਸਦ ਲਈ ਇਹ ਪ੍ਰੋਗਰਾਮ ਰੱਖਿਆ ਗਿਆ ਸੀ।

ਸੰਕੇਤਕ ਤਸਵੀਰ