ਨਹਿਰੂ ਯੂਵਾ ਕੇਂਦਰ ਵੱਲੋਂ ਦੇਸ਼ ਵਿਆਪੀ ਸਵੱਛ ਭਾਰਤ ਮੁਹਿੰਮ 2.0 ਦਾ ਆਯੋਜਨ
ਨਿਊਜ਼ ਪੰਜਾਬ
ਲੁਧਿਆਣਾ, 13 ਅਕਤੂਬਰ – ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਹਿਰੂ ਯੁਵਾ ਕੇਂਦਰ, ਲੁਧਿਆਣਾ ਦੁਆਰਾ ਬੀਤੇ ਵਰ੍ਹੇ ਦੀ ਤਰ੍ਹਾਂ ਪਹਿਲੀ ਅਕਤੂਬਰ, 2022 ਤੋਂ ਇੱਕ ਮਹੀਨਾ ਚੱਲਣ ਵਾਲਾ ਦੇਸ਼ ਵਿਆਪੀ ਸਵੱਛ ਭਾਰਤ 2.0 ਦਾ ਆਯੋਜਨ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ, ਨਹਿਰੂ ਯੁਵਾ ਕੇਂਦਰ ਸੰਗਠਨ (ਐਨ.ਵਾਈ.ਕੇ.ਐਸ.) ਨਾਲ ਸਬੰਧਤ ਯੂਥ ਕਲੱਬਾਂ ਦੇ ਨੈਟਵਰਕ ਰਾਹੀਂ ਦੇਸ਼ ਭਰ ਦੇ 744 ਜ਼ਿਲ੍ਹਿਆਂ ਦੇ 6 ਲੱਖ ਪਿੰਡਾਂ ਵਿੱਚ ਸਵੱਛ ਭਾਰਤ 2.0 ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਜਾਗਰੂਕਤਾ ਵਧਾਉਣ, ਲੋਕਾਂ ਨੂੰ ਲਾਮਬੰਦ ਕਰਨ ਅਤੇ ਭਾਰਤ ਨੂੰ ਸਵੱਛ ਬਣਾਉਣ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀ। ਇਸ ਪਹਿਲਕਦਮੀ ਵਿੱਚ ਵੱਖ-ਵੱਖ ਖੇਤਰਾਂ, ਭਾਸ਼ਾਵਾਂ ਅਤੇ ਪਿਛੋਕੜਾਂ ਦੇ ਲੋਕ ਮਿਲ ਕੇ ਕੰਮ ਕਰਨਗੇ ਅਤੇ ਇਨ੍ਹਾਂ ਲੋਕਾਂ ਵੱਲੋਂ ਪੂਰੀ ਤਰ੍ਹਾਂ ਸਵੈ-ਇੱਛਾ ਨਾਲ ਕੂੜੇ ਦਾ ਨਿਪਟਾਰਾ ਕੀਤਾ ਜਾਵੇਗਾ।
ਯੁਵਾ ਮਾਮਲਿਆਂ ਦੇ ਵਿਭਾਗ ਨੇ 2022 ਦੀ ਮੁਹਿੰਮ ਵਿੱਚ 1 ਕਰੋੜ ਕਿਲੋ ਪਲਾਸਟਿਕ ਕੂੜਾ ਇਕੱਠਾ ਕਰਨ ਅਤੇ ਨਿਪਟਾਰੇ ਦਾ ਟੀਚਾ ਰੱਖਿਆ ਹੈ। ਸਵੱਛ ਭਾਰਤ ਪ੍ਰੋਗਰਾਮ ਦੇ ਉਦੇਸ਼ 1 ਅਕਤੂਬਰ ਤੋਂ 31 ਅਕਤੂਬਰ 2022 ਤੱਕ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਜਨਤਕ ਸਥਾਨਾਂ ਅਤੇ ਘਰਾਂ ਦੀ ਸਫ਼ਾਈ ਦਾ ਆਯੋਜਨ ਕਰਨਾ, ਜਾਗਰੂਕਤਾ ਫੈਲਾਉਣ ਲਈ ਸਮਾਜ ਦੇ ਸਾਰੇ ਵਰਗਾਂ, ਸਰਕਾਰੀ ਸੰਸਥਾਵਾਂ ਸਮੇਤ ਪੀ.ਆਰ.ਆਈ. ਅਤੇ ਗੈਰ-ਸਰਕਾਰੀ ਸੰਸਥਾਵਾਂ ਨੂੰ ਸ਼ਾਮਲ ਕਰਨਾ, ਇਸ ਤੋਂ ਇਲਾਵਾ ਨਾਗਰਿਕਾਂ ਵਿੱਚ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਅਤੇ ਕੂੜਾ-ਕਰਕਟ ਰਹਿਤ ਰੱਖਣ ਲਈ ਮਾਣ ਦੀ ਭਾਵਨਾ ਪੈਦਾ ਕਰਨੀ ਹੈ। ਇਹ ਮੁਹਿੰਮ ‘ਸਵੱਛ ਕਾਲਯ ਅੰਮ੍ਰਿਤ ਕਾਲ’ ਦਾ ਮੰਤਰ ਦੇਵੇਗੀ ਅਤੇ ਲੋਕਾਂ ਦੀ ਭਾਗੀਦਾਰੀ ਰਾਹੀਂ ਇਸ ਪ੍ਰੋਗਰਾਮ ਨੂੰ ਲੋਕ ਲਹਿਰ ਬਣਾਵੇਗੀ।
ਨਹਿਰੂ ਯੁਵਾ ਕੇਂਦਰ ਲੁਧਿਆਣਾ ਦੇ ਵਲੰਟੀਅਰਾਂ ਨੇ ਸਫਾਈ ਅਭਿਆਨ ਰਾਹੀਂ ਸਵੱਛ ਭਾਰਤ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਸਤਲੁਜ ਦਰਿਆ ਦੇ ਕੰਢੇ ਇੱਕ ਸਫਾਈ ਅਭਿਆਨ ਚਲਾਇਆ ਗਿਆ, ਇਸ ਸਮਾਗਮ ਦੌਰਾਨ ਬਹੁਤ ਸਾਰਾ ਕੂੜਾ ਇਕੱਠਾ ਕੀਤਾ ਗਿਆ ਅਤੇ ਇਸ ਦਾ ਨਿਪਟਾਰਾ ਕੀਤਾ ਗਿਆ। ਹੁਣ ਤੱਕ ਤੱਕ ਕ੍ਰਮਵਾਰ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਅਤੇ ਆਮ ਜਨਤਕ ਥਾਵਾਂ ਵਿੱਚ ਸਫ਼ਾਈ ਅਭਿਆਨ ਚਲਾਇਆ ਗਿਆ।
ਨਹਿਰੂ ਯੁਵਾ ਕੇਂਦਰ ਲੁਧਿਆਣਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਸਫਾਈ ਅਭਿਆਨ ਦੇ ਨਾਲ, ਕਲੀਨ ਇੰਡੀਆ 2.0 ਸਵੱਛ ਭਾਰਤ ਮਿਸ਼ਨ ਦੀਆਂ ਬੁਨਿਆਦੀ ਗੱਲਾਂ ਜਿਵੇਂ ਕਿ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ-ਵੱਖ ਰੱਖਣ ਤੋਂ ਇਲਾਵਾ ਠੋਸ ਰਹਿੰਦ-ਖੂੰਹਦ ਨੂੰ ਵਿਗਿਆਨਕ ਢੰਗ ਰਾਹੀਂ ਮੁੜ ਵਰਤੋਂ/ਰੀਸਾਈਕਲ ਆਦਿ ਬਾਰੇ ਜਾਗਰੂਕਤਾ ਪੈਦਾ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋਂ ਸਾਫ-ਸਫਾਈ ਰੱਖਣਾ ਲੋਕਾਂ ਦੇ ਸੁਭਾਅ ਵਿੱਚ ਸ਼ਾਮਲ ਹੋ ਸਕੇ।