ਸੇਵਾ – ਡਿਜ਼ੀਟਲ ਐਕਸਰੇ, ਅਲਟਰਾਸਾਊਂਡ, ਡੈਂਟਲ ਕਲਿਨਿਕ ਤੇ ਫਿਜ਼ੀਓਥਰੈਪੀ ਦੇ 80 ਕੇਂਦਰ ਖੁਲ੍ਹੇ – ਲਾਗਤ ਮਾਤਰ ਕੀਮਤ ਤੇ ਹੋ ਰਹੇ ਹਨ ਟੈਸਟ – ਡਾ. ਓਬਰਾਏ

ਡਾ. ਓਬਰਾਏ ਅਨੁਸਾਰ ਟਰੱਸਟ ਵੱਲੋਂ ਹੁਣ ਤੱਕ 80 ਲੈਬਾਰਟਰੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ, ਜਿਥੋਂ ਹਰ ਮਹੀਨੇ ਲਗਭਗ 60 ਹਜ਼ਾਰ ਦੇ ਕਰੀਬ ਲੋਕ ਕੇਵਲ ਲਾਗਤ ਦਰਾਂ ‘ਤੇ ਆਪਣੇ ਟੈਸਟ ਕਰਵਾ ਰਹੇ ਹਨ।ਡਾ. ਓਬਰਾਏ ਅਨੁਸਾਰ 20 ਹੋਰ ਲੈਬਾਰਟਰੀਆਂ ਜਲਦੀ ਖੋਲ੍ਹੀਆਂ ਜਾ ਰਹੀਆਂ ਹਨ

ਨਿਊਜ਼ ਪੰਜਾਬ

ਅੰਮ੍ਰਿਤਸਰ – ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ.ਪੀ ਸਿੰਘ ਓਬਰਾਏ ਨੇ ਅੱਜ ਅੰਮ੍ਰਿਤਸਰ ਵਿਖੇ ਦੱਸਿਆ ਕਿ ਟਰੱਸਟ ਵੱਲੋਂ ਡਿਜੀਟਲ ਐਕਸਰੇ, ਅਲਟਰਾਸਾਊਂਡ, ਡੈਂਟਲ ਕਲਿਨਿਕ ਅਤੇ ਫਿਜ਼ੀਓਥਰੈਪੀ ਕੇਂਦਰ ਖੋਲ੍ਹਣ ਦਾ ਕਾਰਜ਼ ਵੀ ਜ਼ੋਰਾਂ ‘ਤੇ ਚੱਲ ਰਿਹਾ ਹੈ।ਡਾ. ਓਬਰਾਏ ਅਨੁਸਾਰ ਟਰੱਸਟ ਵੱਲੋਂ ਹੁਣ ਤੱਕ ਪੰਜਾਬ ਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ ‘ ਚ 80 ਲੈਬਾਰਟਰੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਅੰਦਰ ਹਰ ਮਹੀਨੇ ਲਗਭਗ 60 ਹਜ਼ਾਰ ਦੇ ਕਰੀਬ ਲੋਕ ਕੇਵਲ ਲਾਗਤ ਦਰਾਂ ‘ਤੇ ਆਪਣੇ ਟੈਸਟ ਕਰਵਾ ਰਹੇ ਹਨ।ਡਾ. ਓਬਰਾਏ ਅਨੁਸਾਰ ਉਨ੍ਹਾਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਆਗਮਨ ਪੁਰਬ ਨੂੰ ਸਮਰਪਿਤ 100 ਲੈਬਾਰਟਰੀਆਂ ਸਥਾਪਿਤ ਕਰਨ ਦੇ ਮਿਥੇ ਗਏ ਟੀਚੇ ਨੂੰ ਇਸ ਸਾਲ ਦੇ ਅੰਤ ਤੱਕ ਪੂਰਾ ਕਰ ਲਿਆ ਜਾਵੇਗਾ।ਉਹ ਅੱਜ ਕਸ਼ਮੀਰ ਐਵੀਨਿਊ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਲੈਬ ਦੇ ਨਵੇਂ ਕੁਲੈਕਸ਼ਨ ਸੈਂਟਰ ਅਤੇ ਮੈਡੀਕਲ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਪਹਿਲਾਂ ਤੋਂ ਹੀ ਚੱਲ ਰਹੀ ਲੈਬ ‘ਚ ਮੁਕੰਮਲ ਸਵੈਚਾਲਿਤ ਮਸ਼ੀਨ ਸ਼ੁਰੂ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।