ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਤੇ ਸ਼ਾਰਪ ਸ਼ੂਟਰ ਦੀਪਕ ਟੀਨੂੰ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਇਆ – ਪੰਜਾਬ ਪੁਲਿਸ ਨੇ ਗਵਾਂਢੀ ਸੂਬਿਆਂ ਨਾਲ ਜੁੜੀ ਸਰਹੱਦ ਨੂੰ ਸੀਲ ਕੀਤਾ
ਨਿਊਜ਼ ਪੰਜਾਬ
ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਤੇ ਸ਼ਾਰਪ ਸ਼ੂਟਰ ਦੀਪਕ ਟੀਨੂੰ ਅੱਜ ਤੜਕੇ ਤਿੰਨ ਵਜੇ ਮਾਨਸਾ ਸੀਆਈਏ ਸਟਾਫ ਦੀ ਹਿਰਾਸਤ ’ਚੋਂ ਫ਼ਰਾਰ ਹੋ ਗਿਆ। ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਨਜ਼ਦੀਕੀ ਹੈ।ਪੰਜਾਬ ਪੁਲੀਸ ਨੇ ਪੰਜਾਬ ਅਤੇ ਹਰਿਆਣਾ ਵਿੱਚ ਵੀ ਤਲਾਸ਼ੀ ਮੁਹਿੰਮ ਚਲਾ ਦਿੱਤੀ ਹੈ।
ਕੁਝ ਦਿਨ ਪਹਿਲਾਂ ਉਸ ਨੂੰ ਮਾਨਸਾ ਪੁਲੀਸ ਵੱਲੋਂ ਇੱਕ ਵੱਖਰੇ ਕੇਸ ਵਿੱਚ ਤਰਨਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਸਾਹਿਬ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ। ਟੀਨੂੰ, ਮੂਸੇਵਾਲਾ ਕਤਲ ਕੇਸ ਵਿੱਚ ਚਾਰਜਸ਼ੀਟ ਕੀਤੇ 24 ਮੁਲਜ਼ਮਾਂ ਵਿੱਚੋਂ ਇੱਕ ਹੈ। 4 ਜੁਲਾਈ ਨੂੰ ਪੰਜਾਬ ਪੁਲੀਸ ਟੀਨੂੰ ਨੂੰ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਪ੍ਰੋਡਕਸ਼ਨ ਵਾਰੰਟਾਂ ‘ਤੇ ਤਿਹਾੜ ਜੇਲ੍ਹ ਤੋਂ ਲੈ ਕੇ ਆਈ ਸੀ। ਮਾਨਸਾ ਪੁਲੀਸ ਵੱਲੋਂ ਦਾਇਰ ਚਾਰਜਸ਼ੀਟ ਅਨੁਸਾਰ ਟੀਨੂੰ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦਾ ਨਜ਼ਦੀਕੀ ਹੈ ਅਤੇ ਉਹ ਵੱਖ-ਵੱਖ ਜੇਲ੍ਹਾਂ ਵਿੱਚ ਉਨ੍ਹਾਂ ਨਾਲ ਬੰਦ ਸੀ। ਪਿਛਲੇ ਮਹੀਨੇ ਜੇਲ੍ਹ ਵਿੱਚ ਉਸ ਕੋਲੋਂ ਮੋਬਾਈਲ ਫੋਨ ਬਰਾਮਦ ਹੋਇਆ ਸੀ। ਦਿਲਚਸਪ ਗੱਲ ਇਹ ਹੈ ਕਿ ਮੋਬਾਈਲ ਫ਼ੋਨ ਬਰਾਮਦ ਹੋਣ ਤੋਂ ਕਰੀਬ ਤਿੰਨ ਹਫ਼ਤੇ ਬਾਅਦ ਪੁਲੀਸ ਹਿਰਾਸਤ ਵਿੱਚੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ। ਸੂਚਨਾ ਅਨੁਸਾਰ ਟੀਨੂੰ 2017 ‘ਚ ਵੀ ਪੁਲੀਸ ਹਿਰਾਸਤ ‘ਚੋਂ ਫ਼ਰਾਰ ਹੋ ਗਿਆ ਸੀ। ਉਸ ਨੂੰ ਦਸੰਬਰ ਵਿੱਚ ਭਿਵਾਨੀ ਪੁਲੀਸ ਨੇ ਬੰਗਲੌਰ ਤੋਂ ਗ੍ਰਿਫਤਾਰ ਕੀਤਾ ਸੀ।
ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਗ੍ਰਿਫਤਾਰ ਗੈਂਗਸਟਰ ਦੀਪਕ ਟੀਨੂੰ ਮਾਨਸਾ ਪੁਲਿਸ ਦੀ ਗ੍ਰਿਫ਼ਤ ‘ਚੋਂ ਫਰਾਰ ਹੋ ਗਿਆ ਹੈ। ਦੀਪਕ ਟੀਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਹਿਯੋਗੀ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮੁਲਜ਼ਮ ਦੀਪਕ ਤੋਂ ਪੁੱਛਗਿੱਛ ਕੀਤੀ ਜਾਣੀ ਸੀ। ਮੁਲਜ਼ਮਾਂ ਦੇ ਫਰਾਰ ਹੋਣ ਤੋਂ ਬਾਅਦ ਚੌਕਸ ਪੰਜਾਬ ਪੁਲਿਸ ਨੇ ਰਾਜਸਥਾਨ ਅਤੇ ਹਰਿਆਣਾ ਨਾਲ ਜੁੜੀ ਸਰਹੱਦ ਨੂੰ ਸੀਲ ਕਰ ਦਿੱਤਾ ਹੈ।
ਐਂਟੀ ਗੈਂਗਸਟਰ ਟਾਸਕ ਫੋਰਸ ਦੇ ਗੁਰਮੀਤ ਸਿੰਘ ਚੌਹਾਨ ਮਾਨਸਾ ਪਹੁੰਚ ਗਏ ਹਨ ਅਤੇ ਪੁਲਿਸ ਤੋਂ ਜਾਣਕਾਰੀ ਹਾਸਲ ਕਰ ਰਹੇ ਹਨ। ਪੁਲੀਸ ਨੇ ਮਾਨਸਾ ਤੋਂ ਇਲਾਵਾ ਨਾਲ ਲੱਗਦੇ ਜ਼ਿਲ੍ਹਿਆਂ ਦੀ ਸਰਹੱਦ ’ਤੇ ਸਖ਼ਤ ਨਾਕਾਬੰਦੀ ਕੀਤੀ ਹੋਈ ਹੈ। ਪੁਲਸ ਨੂੰ ਸ਼ੱਕ ਹੈ ਕਿ ਦੀਪਕ ਸ਼ਾਇਦ ਕਿਸੇ ਨੇੜਲੇ ਪਿੰਡ ‘ਚ ਲੁਕਿਆ ਹੋਇਆ ਹੈ।
ਮਾਨਸਾ ਪੁਲੀਸ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਸੀ। ਸੂਤਰਾਂ ਅਨੁਸਾਰ ਦੀਪਕ ਨੂੰ ਜਦੋਂ ਸੀਆਈਏ ਸਟਾਫ਼ ਦੇ ਬਾਹਰੋਂ ਫਰਾਰ ਹੋਇਆ ਤਾਂ ਉਸ ਨੂੰ ਹੱਥਕੜੀ ਨਹੀਂ ਲੱਗੀ ਸੀ।
ਮੂਸੇਵਾਲਾ ਦੇ ਪਰਿਵਾਰ ਲਈ ਸੁਰੱਖਿਆ ਵਧਾ ਦਿੱਤੀ ਗਈ ਹੈ
ਇਸ ਦੇ ਨਾਲ ਹੀ ਟੀਨੂੰ ਦੇ ਫਰਾਰ ਹੋਣ ਤੋਂ ਬਾਅਦ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸਿੱਧੂ ਦੀ ਮਾਂ ਨੇ ਕਿਹਾ ਕਿ ਪੁਲਿਸ ਜਵਾਬ ਦੇਵੇ, ਟੀਨੂੰ ਕਿਵੇਂ ਭੱਜਿਆ। ਉਸ ਦੀ ਮਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਪੁਲੀਸ ਤੋਂ ਸੰਤੁਸ਼ਟ ਨਹੀਂ ਹੈ।