ਸਿਹਤ ਮੰਤਰੀ ਦੇ ਨਿਰਦੇਸ਼ਾਂ ’ਤੇ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਟੋਕਨ ਸਿਸਟਮ ਹੋਇਆ ਸ਼ੁਰੂ
ਨਿਊਜ਼ ਪੰਜਾਬ
ਚੰਡੀਗੜ, 22 ਸਤੰਬਰ:
ਮੁੱਖ ਮੰਤਰੀ ਸ. ਭਗਵੰਤ ਮਾਨ ਦੀਆਂ ਲੋਕ-ਪੱਖੀ ਇਛਾਵਾਂ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਆਮ ਲੋਕਾਂ ਨੂੰ ਈ-ਗਵਰਨੈਂਸ ਰਾਹੀਂ ਸੁਖਾਲੀਆਂ ਤੇ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਮਰੀਜ਼ਾਂ ਦੀ ਸਹੂਲਤ ਲਈ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ, ਪਟਿਆਲਾ ਵਿੱਚ ਟੋਕਨ ਸਿਸਟਮ ਸ਼ੁਰੂ ਕੀਤਾ ਹੈ, ਤਾਂ ਜੋ ਮਰੀਜ਼ ਬਿਨਾਂ ਲਾਈਨਾਂ ਵਿੱਚ ਲੱਗੇ ਸੁਖਾਲੇ ਢੰਗ ਨਾਲ ਇਲਾਜ ਕਰਵਾ ਸਕਣ।
ਮਰੀਜਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਕੰਪਿਊਟਰਾਈਜਡ ਤਕਨੀਕ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਗਈ ਹੈ। ਸਿਹਤ ਮੰਤਰੀ ਨੇ ਮਾਤਾ ਕੁਸ਼ੱਲਿਆ ਹਸਪਤਾਲ ਦੇ ਹਾਲ ਹੀ ਵਿੱਚ ਕੀਤੇ ਦੌਰੇ ਦੌਰਾਨ ਇਹ ਪਾਇਆ ਸੀ ਕਿ ਬਜੁਰਗਾਂ ਅਤੇ ਹੋਰ ਮਰੀਜ਼ਾਂ ਨੂੰ ਪਰਚੀਆਂ ਲੈਣ ਲਈ ਲੰਮਾਂ ਸਮਾਂ ਕਤਾਰਾਂ ਵਿੱਚ ਖੜ੍ਹਨਾ ਪੈਂਦਾ ਹੈ।
ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਸਪਤਾਲ ਵਿੱਚ ਟੋਕਨ ਸਿਸਟਮ ਸੁਰੂ ਕੀਤਾ ਜਾਵੇ ਤਾਂ ਜੋ ਮਰੀਜਾਂ ਨੂੰ ਕਤਾਰਾਂ ਵਿੱਚ ਨਾ ਖੜਨਾ ਪਵੇ ਅਤੇ ਉਹ ਆਪਣੀ ਵਾਰੀ ਅਨੁਸਾਰ ਆਸਾਨੀ ਨਾਲ ਦਵਾਈਆਂ ਲੈਣ ਸਕਣ।
ਜ਼ਿਕਰਯੋਗ ਹੈ ਕਿ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ ਦੇ ਬਲਾਕ-ਏ ਵਿੱਚ ਓ.ਪੀ.ਡੀ. ਵਿੱਚ ਗਰਭਵਤੀ ਔਰਤਾਂ, ਬਜੁਰਗਾਂ, ਆਯੂਸਮਾਨ ਸਕੀਮ ਦੇ ਮਰੀਜਾਂ ਲਈ ਕੰਪਿਊਟਰਾਈਜਡ ਫਾਈਲਾਂ ਪਹਿਲਾਂ ਹੀ ਬਣਾਈਆਂ ਜਾ ਰਹੀਆਂ ਹਨ।