ਲੁਧਿਆਣਾ ਵਿੱਚ ਅਣਅਧਿਕਾਰਤ ਕਲੋਨੀਆਂ ‘ਤੇ ਕਾਰਵਾਈ -ਗਲਾਡਾ ਨੇ 5 ਨਾਜਾਇਜ਼ ਕਾਲੋਨੀਆਂ ਨੂੰ ਕੀਤਾ ਢਹਿ-ਢੇਰੀ
ਨਿਊਜ਼ ਪੰਜਾਬ
ਅਣ-ਅਧਿਕਾਰਤ ਕਲੋਨੀਆਂ ਨੂੰ ਢਹਿ-ਢੇਰੀ ਕਰਨ ਸਬੰਧੀ ਮੁਹਿੰਮ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਆਈ.ਏ.ਐਸ. ਮੁੱਖ ਪ੍ਰਸ਼ਾਸਕ ਗਲਾਡਾ, ਲੁਧਿਆਣਾ ਦੁਆਰਾ ਗੁਪਤ ਰੂਪ ਵਿੱਚ ਯੋਜਨਾਬੱਧ ਕੀਤੀ ਗਈ। ਇਸ ਕਾਰਵਾਈ ਵਿੱਚ ਗਲਾਡਾ ਵੱਲੋਂ 3 ਪਿੰਡਾਂ ਜਸਪਾਲ ਬਾਂਗਰ, ਧਰੋੜ ਅਤੇ ਮਜਾਰਾ ਦੀਆਂ 5 ਕਲੋਨੀਆਂ ਨੂੰ ਢਾਹਿਆ ਗਿਆ ਹੈ।
ਨਿਊਜ਼ ਪੰਜਾਬ
ਲੁਧਿਆਣਾ, 21 ਸਤੰਬਰ – ਗਲਾਡਾ ਵੱਲੋਂ ਅੱਜ ਵਧੀਕ ਮੁੱਖ ਪ੍ਰਸ਼ਾਸਕ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ ਦੇ ਹੁਕਮਾਂ ਅਨੁਸਾਰ 5 ਗੈਰ ਕਾਨੂੰਨੀ ਕਲੋਨੀਆਂ ਨੂੰ ਢਾਹ ਦਿੱਤਾ ਹੈ। ਇਨ੍ਹਾਂ ਅਣ-ਅਧਿਕਾਰਤ ਕਲੋਨੀਆਂ ਨੂੰ ਪਹਿਲਾਂ ਹੀ ਪਾਪਰਾ ਐਕਟ 1995 (ਅਮੈਂਡਿਡ ਐਕਟ-2014) ਦੀ ਧਾਰਾ 39 ਅਧੀਨ ਢਾਹੁਣ ਦੇ ਨੋਟਿਸ ਜਾਰੀ ਕੀਤੇ ਜਾ ਚੁੱਕੇ ਸਨ।
ਹੁਕਮਾਂ ਅਨੁਸਾਰ ਪੁਲਿਸ ਫੋਰਸ ਦੇ ਨਾਲ ਡਾ. ਬਲਜਿੰਦਰ ਸਿੰਘ ਢਿੱਲੋਂ, ਅਸਟੇਟ ਅਫ਼ਸਰ (ਰੈਗੂਲੇਟਰੀ) ਗਲਾਡਾ ਅਤੇ 3 ਜੇ.ਈਜ਼ ਅਤੇ ਡਿਊਟੀ ਮੈਜਿਸਟ੍ਰੇਟ ਸ੍ਰੀਮਤੀ ਮਨਵੀਰ ਕੌਰ ਸਿੱਧੂ (ਨਾਇਬ ਤਹਿਸੀਲਦਾਰ, ਸਾਹਨੇਵਾਲ) ਸਮੇਤ ਚਾਰ ਐਸ.ਡੀ.ਈਜ਼ ਗਲਾਡਾ ਦੀ ਦੇਖ-ਰੇਖ ਹੇਠ ਇੱਕ ਵਿਸ਼ੇਸ਼ ਡਿਮੋਲੇਸ਼ਨ ਟੀਮ ਗਠਿਤ ਕੀਤੀ ਗਈ ਹੈ।
ਗਲਾਡਾ ਵਲੋਂ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਅਣਅਧਿਕਾਰਤ ਕਲੋਨੀਆਂ ‘ਤੇ ਕਾਰਵਾਈ ਕਰਨ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ। ਮੁੱਖ ਪ੍ਰਸ਼ਾਸਕ ਗਲਾਡਾ ਵੱਲੋਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਣਅਧਿਕਾਰਤ ਕਲੋਨੀਆਂ ਵਿੱਚ ਜਾਇਦਾਦ/ਪਲਾਟ/ਬਿਲਡਿੰਗ ਨਾ ਖਰੀਦਣ ਕਿਉਂਕਿ ਗਲਾਡਾ ਕੋਈ ਵੀ ਸਹੂਲਤ ਜਿਵੇਂ ਕਿ ਵਾਟਰ ਸਪਲਾਈ, ਸੀਵਰੇਜ, ਬਿਜਲੀ ਕੁਨੈਕਸ਼ਨ, ਸਟਰੀਟ ਲਾਈਟਾਂ ਆਦਿ ਪ੍ਰਦਾਨ ਨਹੀਂ ਕਰੇਗਾ।