ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਅੰਡਰ-21 ਮੁਕਾਬਲੇ ਸੰਪੰਨ
ਨਿਊਜ਼ ਪੰਜਾਬ
ਲੁਧਿਆਣਾ, 20 ਸਤੰਬਰ – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਵਿੱਚ ਨੌਜਵਾਨ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਨ੍ਹਾਂ ਖੇਡਾਂ ਦੇ ਜ਼ਿਲ੍ਹਾ ਪੱਧਰੀ ਅੰਡਰ-21 ਮੁਕਾਬਿਲਆਂ ਦੀ ਅੱਜ ਸਮਾਪਤੀ ਹੋ ਗਈ ਹੈ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਵੱਲੋਂ ਜ਼ਿਲ੍ਹਾ ਪੱਧਰੀ ਅੰਡਰ-21 ਮੁਕਾਬਲਿਆਂ ਦੀਆਂ ਵੱਖ-ਵੱਖ ਖੇਡਾਂ ਦੇ ਜੇਤੂ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਰਾਜ ਪੱਧਰੀ ਖੇਡਾਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਵੀ ਪ੍ਰੇਰਿਤ ਕੀਤਾ।
ਜ਼ਿਲ੍ਹਾ ਪੱਧਰੀ ਅੰਡਰ-21 ਦੇ ਅੱਜ ਤੀਸਰੇ ਦਿਨ ਦੇ ਖੇਡ ਮੁਕਾਬਲਿਆਂ ਵਿੱਚ ਪਹਿਲੇ ਨੰਬਰ ‘ਤੇ ਆਉਣ ਵਾਲੀਆਂ ਟੀਮਾਂ ਅਤੇ ਖਿਡਾਰੀਆਂ ਦਾ ਵੇਰਵਾ ਸਾਂਝਾ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਹਾਕੀ – ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਮਾਲਵਾ ਅਕੈਡਮੀ ਲੁਧਿਆਣਾ ਨੇ ਪਹਿਲਾ ਸਥਾਨ ਹਾਸਲ ਕੀਤਾ। ਖੋ-ਖੋ ਲੜਕਿਆਂ ‘ਚ ਕੋਚਿੰਗ ਸੈਂਟਰ ਜਵਾਹਰ ਨਗਰ ਲੁਧਿਆਣਾ, ਬਾਸਕਟਬਾਲ (ਲੜਕੇ) ‘ਚ ਲੁਧਿਆਣਾ ਬਾਸਕਟਬਾਲ ਅਕੈਡਮੀ ਦੀ ਟੀਮ ਨੇ ਬਾਜੀ ਮਾਰੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਬਾਕਸਿੰਗ (ਲੜਕੀਆਂ) ਦੇ 45-48 ਕਿਲੋਗ੍ਰਾਮ ਵਰਗ ‘ਚ ਅੰਜਲੀ ਗੁਪਤਾ, 48-50 ‘ਚ ਕਿਰਨਦੀਪ ਕੌਰ, 50-52 ‘ਚ ਮੰਨਤ ਵਰਮਾ, 52-54 ‘ਚ ਅਰਸ਼ਪ੍ਰੀਤ ਕੌਰ, 54-57 ‘ਚ ਦਰੋਪਤੀ ਕੌਰ, 57-60 ‘ਚ ਰਾਜਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।
ਐਥਲੈਟਿਕਸ ਟ੍ਰਿਪਲ ਜੰਪ (ਲੜਕੇ) ‘ਚ ਵਿਜੈ ਕੁਮਾਰ, 110 ਮੀ: ਹਰਡਲਜ਼ ‘ਚ ਰਸ਼ਪਿੰਦਰ ਸਿੰਘ, ਜੈਵਲਿਨ ਥਰੋ ‘ਚ ਪ੍ਰਹਿਲਾਦ ਵਿਸਵਾਸ, ਹਾਈ ਜੰਪ ‘ਚ ਨਵੀ ਮੁਹੰਮਦ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਲੜਕੀਆਂ 100 ਮੀਟਰ ਹਰਡਲਜ ‘ਚ ਕੁਲਜੀਤ ਕੌਰ, ਜੈਵਲਿਨ ਥਰੋ ‘ਚ ਪ੍ਰਭਜੋਤ ਕੌਰ, ਹਾਈ ਜੰਪ ‘ਚ ਅਨਮੋਲਦੀਪ ਕੌਰ ਅੱਵਲ ਰਹੀ।
ਟੇਬਲ ਟੈਨਿਸ ਲੜਕਿਆਂ ਦੇ ਵਿਅਕਤੀਗਤ ਮੁਕਾਬਲੇ ‘ਚ ਅਮੀਰ ਖਾਂ ਪੁੱਤਰ ਸ੍ਰੀ ਹਕੀਮ ਖਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਲੜਕੀਆਂ ਦੇ ਵਿਅਕਤੀਗਤ ਮੁਕਾਬਲੇ ‘ਚ ਸਹਿਜਪ੍ਰੀਤ ਕੌਰ ਪੁੱਤਰੀ ਸ੍ਰੀ ਸਵਰਨ ਸਿੰਘ ਜੇਤੂ ਰਹੀ। ਫੁੱਟਬਾਲ ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਮੋਹੀ ਕਲੱਬ ਪਹਿਲੇ ਸਥਾਨ ‘ਤੇ ਰਿਹਾ।
ਜੂਡੋ (ਲੜਕੇ) 60 ਕਿਲੋਗ੍ਰਾਮ ‘ਚ ਪਾਰਸ ਜੇਤੂ ਰਿਹਾ ਜਦਕਿ 66 ‘ਚ ਵਰੁਣ ਸ਼ਰਮਾ, 73 ‘ਚ ਕਰਨ ਚੌਹਾਨ, 81 ‘ਚ ਸਮਨਿਤ ਸਿੰਘ ਪਹਿਲੇ ਸਥਾਨ ‘ਤੇ ਰਿਹਾ। ਇਸੇ ਤਰ੍ਹਾਂ ਲੜਕੀਆਂ 48 ਕਿਲੋਗ੍ਰਾਮ ‘ਚ ਅਨਿਕਾ, 52 ‘ਚ ਰਜਨੀਤ, 57 ‘ਚ ਸਿਮਰਨ, 63 ‘ਚ ਗਿੰਨੀ, 70 ‘ਚ ਰੁਚੀ ਜੈਨ ਅਤੇ 78 ਕਿਲੋਗ੍ਰਾ ਭਾਰ ਵਰਗ ਵਿੱਚ ਸੁਰਭੀ ਪਹਿਲੇ ਸਥਾਨ ‘ਤੇ ਰਹੀ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਭਲਕੇ 21 ਅਤੇ 22 ਸਤੰਬਰ, 2022 ਨੂੰ ਵੱਖ-ਵੱਖ ਲੜਕੇ/ਲੜਕੀਆਂ ਦੇ 21 ਤੋਂ 40, 41 ਤੋਂ 50 ਅਤੇ 50 ਤੋਂ ਵੱਧ ਉਮਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਪੈਰਾ-ਸਪੋਰਟਸ ਸਬੰਧੀ ਉਨ੍ਹਾਂ ਦੱਸਿਆ ਕਿ ਫਿਲਹਾਲ ਇਹ ਖੇਡਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ ਅਤੇ ਸੰਭਾਵੀ ਤੌਰ ‘ਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੱਖਰੇ ਤੌਰ ‘ਤੇ ਕਰਵਾਈਆਂ ਜਾਣਗੀਆਂ।
ਉਨ੍ਹਾਂ ਅੱਗੇ ਕਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਕਰਕੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਨਸ਼ਿਆਂ ਵਿੱਚ ਜਾ ਰਹੀ ਨੌਜਵਾਨ ਪੀੜੀ ਨੂੰ ਇੱਕ ਨਵੀਂ ਆਸ ਮਿਲ ਰਹੀ ਹੈ।
ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਪੂਰੀ ਮਿਹਨਤ ਨਾਲ ਅੱਗ ਵਧਣ ਵੱਲ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਦੀ ਭਲਾਈ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ ਤਾਂ ਕਿ ਨੌਜਵਾਨ ਖੇਡਾਂ ਵੱਲ ਆਕਰਸ਼ਿਤ ਹੋ ਸਕਣ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ।