ਕੁਲਤਾਰ ਸਿੰਘ ਸੰਧਵਾਂ ਵੱਲੋਂ ਚੰਗੇ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਭਾਈ ਘਨੱਈਆ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਅਪੀਲ
ਨਿਊਜ਼ ਪੰਜਾਬ
ਚੰਡੀਗੜ੍ਹ, 20 ਸਤੰਬਰ
ਮਨੱਖਤਾ ਦੀ ਸੇਵਾ ਦੇ ਪੁੰਜ ਭਾਈ ਘਨੱਈਆ ਜੀ ਨੂੰ ਸਮਰਪਤ ‘ਮਾਨਵ ਸੇਵਾ ਦਿਵਸ’ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੇ ਸੂਬੇ ਭਰ ਦੇ ਲੋਕਾਂ ਨੂੰ ਭਾਈ ਘਨੱਈਆ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਅਪੀਲ ਕੀਤੀ ਹੈ।
ਭਾਈ ਘਨੱਈਆ ਨੂੰ ਸ਼ਰਧਾ ਭੇਟ ਕਰਦੇ ਹੋਏ ਸ੍ਰੀ ਸੰਧਵਾਂ ਨੇ ਕਿਹਾ ਕਿ ਉਨ੍ਹਾਂ ਨੇ ਸਾਨੂੰ ਬਿਨਾ ਕਿਸੇ ਭੇਦਭਾਵ ਦੇ ਸਮਾਜ ਦੀ ਸੇਵਾ ਕਰਨ ਦਾ ਮਾਰਗ ਦਿਖਾਇਆ ਹੈ। ਭਾਈ ਘਨੱਈਆ ਕੈਂਸਰ ਰੋਕੋ ਸੋਸਾਇਟੀ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰਨ ਦਾ ਊੁਨ੍ਹਾਂ ਨੂੰ ਵੀ ਸੁਭਾਗ ਪ੍ਰਾਪਤ ਹੋਇਆ ਹੈ ਜਿਸ ਕਰਕੇ ਉਹ ਆਪਣੇ ਆਪ ਨੂੰ ਵਡਭਾਗੀ ਸਮਝਦੇ ਹਨ। ਭਾਈ ਘਨੱਈਆ ਜੀ ਦੇ ਪਿਤਾ ਇੱਕ ਅਮੀਰ ਵਪਾਰੀ ਸਨ ਪਰ ਉਹ ਖੁਦ ਇੱਕ ਧਾਰਮਿਕ ਸਖਸ਼ੀਅਤ ਸਨ। ਉਨ੍ਹਾਂ ਨੇ ਅਧਿਆਤਮਵਾਦੀ ਅਤੇ ਮਾਨਵਤਾਵਾਦੀ ਨਜ਼ਰੀਆ ਅਪਣਾਇਆ ਅਤੇ ਸਮੁੱਚਾ ਜੀਵਨ ਇਸ ਮਾਰਗ ’ਤੇ ਚੱਲਦੇ ਰਹੇ। ਭਾਈ ਘਨੱਈਆ ਜੀ ਨੇ 1704 ਵਿੱਚ ਆਨੰਦਪੁਰ ਸਾਹਿਬ ਦੀ ਲੜਾਈ ਵਿੱਚ ਜ਼ਖਮੀ ਹੋਏ ਸਿਪਾਹੀਆਂ ਦੀ ਪਿਆਸ ਬੁਝਾਉਣ ਦਾ ਕੰਮ ਸੰਭਾਲਿਆ ਅਤੇ ਉਨ੍ਹਾਂ ਨੇ ਇਹ ਸੇਵਾ ਬਿਨਾ ਕਿਸੇ ਭੇਦਭਾਵ ਦੇ ਨਿਭਾਈ। ਉਨ੍ਹਾਂ ਨੇ ਗੁਰੂ ਦੇ ਸਿੱਖ ਸਿਪਾਹੀਆਂ ਅਤੇ ਮੁਗਲ ਫੌਜਾਂ ਦੇ ਸਿਪਾਹੀਆਂ ਨੂੰ ਬਿਨਾਂ ਕਿਸੇ ਵਿਤਕਰੇ ਨਾਲ ਪਾਣੀ ਪਿਲਾਇਆ ਅਤੇ ਅਤੇ ਉਹ ਸੇਵਾ ਦੇ ਪੰਜ ਹੋ ਨਿਬੜੇ।
ਸ੍ਰੀ ਸੰਧਵਾਂ ਨੇ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਸਾਨੂੰ ਭਾਈ ਘਨੱਈਆ ਜੀ ਦੀਆਂ ਸਿੱਖਿਆਵਾਂ ਅਪਨਾਉਣੀਆਂ ਚਾਹੀਦਾ ਹੈ। ਉਨ੍ਹਾਂ ਨੇ ਅਵਾਮ ਨੂੰ ਆਪਸੀ ਪ੍ਰੇਮ ਪਿਆਰ, ਮਿਲਵਰਤਨ ਅਤੇ ਭਾਈਚਾਰੇ ਨਾਲ ਰਹਿਣ ਦੀ ਅਪੀਲ ਕੀਤੀ ਹੈ ਅਤੇ ਲੋਕਾਂ ਨੂੰ ਬਿਨ ਕਿਸੇ ਵਿਤਕਰੇ ਦੇ ਸਮਾਜ ਵਿੱਚ ਆਪਣੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਹੈ।
——-
ਫੋਟੋ ਕੈਪਸ਼ਨ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਮਨੱਖਤਾ ਦੀ ਸੇਵਾ ਦੇ ਪੁੰਜ ਭਾਈ ਘਨੱਈਆ ਜੀ ਨੂੰ ਸਮਰਪਤ ‘ਮਾਨਵ ਸੇਵਾ ਦਿਵਸ’ ਮੌਕੇ ਖੂਨਦਾਨ ਕਰਦੇ ਹੋਏ।