ਸਿੱਖ ਸੰਗਤਾਂ ਵਲੋਂ ਮਾਲਟਨ ਕੈਨੇਡਾ ਵਿਖੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ – ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਸਬੰਧੀ ਹੋਏ ਸਮਾਗਮ

ਐਤਵਾਰ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਪ੍ਰੰਤ ਰਾਗੀ ਸਿੰਘਾਂ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਦੁਪਹਿਰ ਇਕ ਵਜੇ ਜੈਕਾਰਿਆਂ ਦੀ ਗੂੰਜ ਵਿਚ ਨਗਰ ਕੀਰਤਨ ਰਵਾਨਾ ਹੋਇਆ

ਕੈਨੇਡਾ – 12 ਸਤੰਬਰ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਮਾਲਟਨ ਵਿਖੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰਦਿਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਨਗਰ ਕੀਰਤਨ ਵਿਚ ਗੋਰੇ ਵੀ ਦਸਤਾਰਾਂ ਸਜਾ ਕੇ ਸ਼ਾਮਲ ਹੋਏ। ਸ੍ਰੀ ਗੁਰੂ ਸਿੰਘ ਸਭਾ ਮਾਲਟਨ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਐਤਵਾਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਪ੍ਰੰਤ ਰਾਗੀ ਸਿੰਘਾਂ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਦੁਪਹਿਰ ਇਕ ਵਜੇ ਜੈਕਾਰਿਆਂ ਦੀ ਗੂੰਜ ਵਿਚ ਨਗਰ ਕੀਰਤਨ ਰਵਾਨਾ ਹੋਇਆ ਜਿਥੇ ਸੰਗਤ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਨਗਰ ਕੀਰਤਨ ਵਿਚ ਜਿਥੇ ਗਤਕਾ ਪਾਰਟੀਆਂ ਸ਼ਾਮਲ ਹੋਈਆਂ ਉਥੇ ਹੀ ਮੋਟਰਸਾਈਕਲ ਸਵਾਰ ਵੀ ਖਾਸ ਤੌਰ ’ਤੇ ਪੁੱਜੇ। ਨਗਰ ਕੀਰਤਨ ਵਿਚ ਸ਼ਾਮਲ ਸੰਗਤ ਲਈ ਥਾਂ ਥਾਂ ’ਤੇ ਲੰਗਰ ਦੀ ਸੇਵਾ ਜਾਰੀ ਰਹੀ। ਨਗਰ ਕੀਰਤਨ ਦੌਰਾਨ ਸੁਚੱਜੇ ਪ੍ਰਬੰਧਾਂ ਲਈ ਪੀਲ ਰੀਜਨਲ ਪੁਲਿਸ ਵੱਲੋਂ ਵੀ ਪੂਰਾ ਸਹਿਯੋਗ ਦਿਤਾ ਗਿਆ ਅਤੇ ਏਅਰ ਪੋਰਟ ਰੋਡ ’ਤੇ ਸਾਧਾਰਣ ਆਵਾਜਾਈ ਕੁਝ ਘੰਟੇ ਬੰਦ ਰੱਖੀ ਗਈ। ਨਗਰ ਕੀਰਤਨ ਦੀ ਸਮਾਪਤੀ ਸ਼ਾਮ ਪੰਜ ਵਜੇ ਗੁਦਰਵਾਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਹੋਈ।