ਵਿਧਾਇਕ ਗੋਗੀ ਵੱਲੋਂ ‘ਮੇਰਾ ਸ਼ਹਿਰ ਮੇਰਾ ਮਾਣ’ ਤਹਿਤ ਵਾਰਡ ਨੰਬਰ 81 ‘ਚ ਚਲਾਇਆ ਸਫਾਈ ਅਭਿਆਨ
ਨਿਊਜ਼ ਪੰਜਾਬ
ਲੁਧਿਆਣਾ, 09 ਸਤੰਬਰ – ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਗੋਗੀ ਬੱਸੀ ਵੱਲੋਂ ਕੌਸਲਰ ਸ੍ਰੀਮਤੀ ਰਾਸ਼ੀ ਅਗਰਵਾਲ ਦੇ ਨਾਲ, ਵਾਰਡ ਨੰਬਰ 81 ਅਧੀਨ ਹੈਬੋਵਾਲ ਵਿਖੇ ਆਜ਼ਾਦੀ ਦਾ ਅਮ੍ਰਿਤ ਮਹੋਤਸਵ ਤਹਿਤ ‘ਮੇਰਾ ਸ਼ਹਿਰ ਮੇਰਾ ਮਾਣ ਸਫਾਈ ਅਭਿਆਨ’ ਚਲਾਇਆ ਗਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਜੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਐਸ.ਡੀ.ਓ. ਅੰਸੁ਼ਲ ਗਰਚਾ, ਚੀਫ ਸੈਨੇਟਰੀ ਇੰਸਪੈਕਟਰ ਗੁਰਿੰਦਰ ਸਿੰਘ, ਨਵੀਨ ਗੋਗਨਾ, ਸਤਨਾਮ ਸਿੰਘ ਸੰਨੀ, ਵਿਸ਼ਾਲ ਬੱਤਰਾ, ਰਿਸ਼ਬ ਭੰਡਾਰੀ ਤੇ ਹੋਰ ਵੀ ਮੌਜੂਦ ਸਨ।
ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਵੱਲੋਂ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਸਨੀਕਾਂ ਨੂੰ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਸਾਫ ਸੁਥਰਾ ਤੇ ਹਰਿਆ ਭਰਿਆ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨਾ ਚਾਹੀਦਾ ਹੈ।
ਬਾਅਦ ਵਿੱਚ, ਉਨ੍ਹਾਂ ਹਲਕਾ ਪੱਛਮੀ ਦੇ ਵਾਰਡ ਨੰਬਰ 65 ਅਧੀਨ ਅਸ਼ੋਕ ਨਗਰ ਵਿੱਚ ਨਵੇਂ ਟਿਊਬਵੈਲ ਲਗਾਉਣ ਦੇ ਕੰਮ ਦਾ ਵੀ ਉਦਘਾਟਨ ਕੀਤਾ ਗਿਆ ਜਿਸ ‘ਤੇ ਕਰੀਬ 12 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਲਗਭਗ 20 ਦਿਨਾਂ ਵਿੱਚ ਇਸਦਾ ਕੰਮ ਮੁਕੰਮਲ ਕਰਕੇ ਲੋਕਾਂ ਨੂੰ ਇਹ ਟਿਊੁਬਵੈਲ ਸਮਰਪਿਤ ਕੀਤਾ ਜਾਵੇਗਾ।
ਵਿਧਾਇਕ ਗੋਗੀ ਵੱਲੋਂ ਇਸ ਮੌਕੇ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਰਡ ਨੰਬਰ 65 ਅਧੀਨ ਵਸਨੀਕਾਂ ਨੂੰ ਪੁਰਾਣੇ ਟਿਊਬਵੈਲ ਦੇ ਖਰਾਬ ਹੋਣ ਕਾਰਨ ਪਾਣੀ ਦੀ ਕਾਫੀ ਕਿੱਲਤ ਆ ਰਹੀ ਹੈ ਅਤੇ ਉਨ੍ਹਾਂ ਦੀ ਚਿਰੌਕਣੀ ਮੰਗ ਨੂੰ ਪੂਰਾ ਕਰਦਿਆਂ ਵਾਰਡ ਵਿੱਚ ਨਵਾਂ ਟਿਊਬਵੈਲ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਤਾਂ ਜੋ ਵਸਨੀਕਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਸ੍ਰੀ ਗੋਗੀ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਸੂਬੇ ਦੇ ਵਸਨੀਕਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹੈ ਜਿਸ ਤਹਿਤ ਚੌਣਾਂ ਦੌਰਾਨ ਵੋਟਰਾਂ ਨਾਲ ਕੀਤੇ ਵਾਅਦਿਆਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ।