ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਲੁਧਿਆਣਾ ਵਿਖੇ ਰਬਾਬੀ ਕੀਰਤਨ ਦਰਬਾਰ

ਜਵੱਦੀ ਟਕਸਾਲ ਦੇ ਨਿੱਘੇ ਸਹਿਯੋਗ ਨਾਲ ਆਯੋਜਿਤ ਹੋਇਆ ਰਬਾਬੀ ਕੀਰਤਨ ਦਰਬਾਰ

ਲੁਧਿਆਣਾ, 5 ਸਤੰਬਰ ( ਆਰ ਐਸ ਖਾਲਸਾ ) ਬੀਤੀ ਰਾਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁੱਗਰੀ ਫੇਸ 1 ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਜਵੱਦੀ ਟਕਸਾਲ ਦੇ ਮੁੱਖੀ ਸੰਤ ਬਾਬਾ ਅਮੀਰ ਸਿੰਘ ਜੀ ਦੇ ਨਿੱਘੇ ਸਹਿਯੋਗ ਦੇ ਨਾਲ ਮਹਾਨ ਰਬਾਬੀ ਕੀਰਤਨ ਦਰਬਾਰ
ਆਯੋਜਿਤ ਕੀਤਾ ਗਿਆ।

ਸਮਾਗਮ ਵਿੱਚ ਪੰਥ ਦੇ ਪ੍ਰਸਿੱਧ ਰਬਾਬੀ ਕੀਰਤਨੀਏ ਭਾਈ ਬਹੁਲੀਨ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਭਾਈ ਬਖਸ਼ੀਸ਼ ਸਿੰਘ ਜੀ ਜਵੱਦੀ ਟਕਸਾਲ ਵਾਲੇ,ਭਾਈ ਗੁਰਪਾਲ ਸਿੰਘ ਜੀ ਸ਼੍ਰੀ ਤਰਨਤਾਰਨ ਸਾਹਿਬ ਵਾਲੇ, ਭਾਈ ਪਰਮਜੀਤ ਸਿੰਘ, ਭਾਈ ਭਾਰਤ ਸਿੰਘ,ਭਾਈ ਗੁਰਪ੍ਰੀਤ ਸਿੰਘ ਤੇ ਭਾਈ ਗੁਰਪ੍ਰਤਾਪ ਸਿੰਘ ਜਵੱਦੀ ਟਕਸਾਲ ਵਾਲਿਆਂ ਦੇ ਕੀਰਤਨੀ ਜੱਥਿਆਂ ਨੇ ਆਪਣੀਆਂ ਹਾਜ਼ਰੀਆਂ ਭਰ ਕੇ ਤੰਤੀ ਸਾਜ਼ਾਂ ਰਾਹੀਂ ਗੁਰੂ ਸਾਹਿਬਾਂ ਵੱਲੋ ਨਿਰਧਾਰਤ ਰਾਗਾਂ ਵਿੱਚ ਉਚਰੀ ਇਲਾਹੀ ਬਾਣੀ ਦਾ ਆਨੰਦਮਈ ਕੀਰਤਨ ਕਰਕੇ ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਨਾਲ ਹੀ ਸੰਗਤਾਂ ਨੂੰ ਗੁਰੂ ਸਾਹਿਬਾਨ ਵੱਲੋ ਬਖਸ਼ੇ ਗੁਰੂ ਸਾਜ਼ਾਂ(ਤੰਤੀ ਸਾਜ਼ਾਂ) ਦੀ ਮਹੱਤਤਾ ਤੇ ਇਤਿਹਾਸ ਦੀ ਖੋਜ ਭਰਪੂਰ ਜਾਣਕਾਰੀ ਦਿੱਤੀ।

ਇਸ ਦੌਰਾਨ ਰਬਾਬੀ ਕੀਰਤਨ ਦਰਬਾਰ ਅੰਦਰ ਵਿਸ਼ੇਸ਼ ਤੌਰ ਤੇ ਪੁੱਜੇ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਰਬਾਬੀ ਕੀਰਤਨ ਦਰਬਾਰ ਦਾ ਆਨੰਦ ਮਾਣ ਰਹੀਆਂ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਵੱਲੋ ਬਖਸ਼ੇ ਪੁਰਾਤਨ ਕੀਰਤਨ ਸ਼ੈਲੀ ਵਾਲੇ ਤੰਤੀ ਸਾਜ਼
ਸਾਡੀ ਅਨਮੋਲ ਵਿਰਾਸਤ ਦਾ ਇੱਕ ਹਿੱਸਾ ਹਨ। ਜੋ ਕਿ ਗੁਰਮਤਿ ਸੰਗੀਤ ਕਲਾ ਦੀ ਸਿਖਲਾਈ ਲੈਣ ਵਾਲੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੇ ਹਨ। ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਬੋਲਾਂ ਵਿੱਚ ਕਿਹਾ ਕਿ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵੱਲੋ ਪਾਈਆਂ ਲੀਹਾਂ ਤੇ ਤੋਰੀਆਂ ਹੋਈਆਂ ਪ੍ਰੰਪਰਾਵਾਂ ਨੂੰ ਜਿਸ ਢੰਗ ਨਾਲ ਅਸੀਂ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਸ ਦੇ ਸਦਕਾ ਅਜੋਕੇ ਸਮੇਂ ਅੰਦਰ ਸੰਗਤਾਂ ਵਿੱਚ ਮੁੜ ਗੁਰਮਤਿ ਸੰਗੀਤ ਕਲਾ ਤੇ ਤੰਤੀ ਸਾਜ਼ਾਂ ਪ੍ਰਤੀ ਉਤਸ਼ਾਹ ਤੇ ਸਤਿਕਾਰ ਵਧਿਆ ਹੈ।ਉਨ੍ਹਾ ਨੇ ਕਿਹਾ ਕਿ ਗੁਰੂ ਸਾਹਿਬਾਂ ਨੇ ਗੁਰਬਾਣੀ ਨੂੰ ਵਿਸ਼ੇਸ਼ ਰਾਗਾਂ ਵਿੱਚ ਵਿਉਤਬੱਧ ਕਰਕੇ ਗੁਰਮਤਿ ਸੰਗੀਤ ਨੂੰ ਇੱਕ ਅਜਿਹੇ ਸਾਧਨ ਦੇ ਰੂਪ ਵੱਜੋਂ ਵਰਤਿਆ ਹੈ ਜੋ ਮਨ ਨੂੰ ਇਕਾਗਰ ਕਰਨ ਤੇ ਆਤਮਾ ਨੂੰ ਰੂਹਾਨੀਅਤ ਦੀਆਂ ਬੁਲੰਦੀਆਂ ਤੇ ਲਿਜਾ ਸਕੇ।

ਸੰਤ ਬਾਬਾ ਅਮੀਰ ਸਿੰਘ  ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋ ਤੰਤੀ ਸਾਜ਼ਾਂ ਸਮੇਤ ਗੁਰਮਤਿ ਸੰਗੀਤ ਕਲਾ ਨੂੰ ਉਤਸ਼ਾਹਿਤ ਕਰਨ ਹਿੱਤ ਜੋ ਮਹਾਨ ਰਬਾਬੀ ਦਰਬਾਰ ਆਯੋਜਿਤ ਕੀਤਾ ਹੈ।ਉਹ ਸਮੁੱਚੀਆਂ ਸੰਗਤਾਂ ਲਈ ਪ੍ਰੇਣਾ ਦਾ ਸਰੋਤ ਹੈ।ਇਸ ਦੌਰਾਨ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ  ਨੇ ਗੁਰੂ ਘਰ ਦੇ ਸਮੂਹ ਰਬਾਬੀ ਕੀਰਤਨੀ ਜੱਥਿਆਂ ਦੇ ਮੈਬਰਾਂ ਨੂੰ ਸਿਰਪਾਉ ਬਖਸ਼ਿਸ਼ ਕਰਕੇ ਸਨਮਾਨਿਤ ਵੀ ਕੀਤਾ।

ਸਮਾਗਮ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸ.ਕੁਲਵਿੰਦਰ ਸਿੰਘ ਬੈਨੀਪਾਲ,ਬਲਜੀਤ ਸਿੰਘ ਸੇਠੀ, ਜਗਮੋਹਨ ਸਿੰਘ ਬਰਨਾਲਾ, ਸਰਬਜੀਤ ਸਿੰਘ ਝੱਗਰ,ਬਲਬੀਰ ਸਿੰਘ, ਮਲਕੀਤ ਸਿੰਘ, ਪਰਮਿੰਦਰ ਸਿੰਘ ਸਮੇਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਮੈਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।