ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਬੁੱਧਵਾਰ ਨੂੰ ਦਿੱਲੀ ਹਵਾਈ ਅੱਡੇ ਤੋਂ ਡਿਪੋਰਟ ਕੀਤਾ
ਭਾਰਤੀ-ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਬੁੱਧਵਾਰ ਨੂੰ ਦਿੱਲੀ ਹਵਾਈ ਅੱਡੇ ਤੋਂ ਡਿਪੋਰਟ ਕਰ ਦਿੱਤਾ ਗਿਆ। ਅੰਗਦ ਸਿੰਘ ਦੇ ਪਰਿਵਾਰ ਨੇ ਵੀਰਵਾਰ ਨੂੰ ਇਹ ਦੋਸ਼ ਲਾਇਆ ਹੈ ਅਤੇ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਉਸ ਨੂੰ ਵਾਪਸ ਭੇਜਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ।ਮੀਡੀਆ ਨੇ ਸਿੰਘ ਦੇ ਪਰਿਵਾਰ ਦੇ ਹਵਾਲੇ ਨਾਲ ਕਿਹਾ ਕਿ ਉਹ ਬੁੱਧਵਾਰ ਰਾਤ 8.30 ਵਜੇ ਦਿੱਲੀ ਹਵਾਈ ਅੱਡੇ ‘ਤੇ ਪਹੁੰਚਿਆ ਸੀ ਅਤੇ ਤਿੰਨ ਘੰਟਿਆਂ ਦੇ ਅੰਦਰ ਵਾਪਸ ਭੇਜ ਦਿੱਤਾ ਗਿਆ ਸੀ। ਅੰਗਦ ਸਿੰਘ ਅਮਰੀਕੀ ਵੈੱਬਸਾਈਟ ਵਾਈਸ ਨਿਊਜ਼ ਲਈ ਕੰਮ ਕਰਦਾ ਹੈ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਅੰਗਦ ਸਿੰਘ ਨੇ ਕੋਰੋਨਾ ਮਹਾਮਾਰੀ ਦੌਰਾਨ ਭਾਰਤ ਵਿੱਚ ਕਿਸਾਨ ਅੰਦੋਲਨ ਅਤੇ ਇੱਥੋਂ ਦੇ ਪ੍ਰਬੰਧਨ ਬਾਰੇ ਕਈ ਦਸਤਾਵੇਜ਼ੀ ਫਿਲਮਾਂ ਬਣਾਈਆਂ ਸਨ । ਅੰਗਦ ਸਿੰਘ ਦੀ ਮਾਂ ਅਤੇ ਲੇਖਿਕਾ ਗੁਰਮੀਤ ਕੌਰ ਨੇ ਆਪਣੀ ਫੇਸਬੁੱਕ ਪੋਸਟ ‘ਚ ਲਿਖਿਆ, ”ਮੇਰਾ ਬੇਟਾ ਅਮਰੀਕੀ ਨਾਗਰਿਕ ਹੈ, ਉਹ ਸਾਨੂੰ ਮਿਲਣ ਲਈ ਪੰਜਾਬ ਆਉਣ ਵਾਲਾ ਸੀ ਪਰ ਉਸ ਨੂੰ ਦਿੱਲੀ ਤੋਂ ਡਿਪੋਰਟ ਕਰ ਦਿੱਤਾ ਗਿਆ। ਅੰਗਦ ਨੂੰ ਕੁਝ ਸਮੇਂ ਲਈ ਏਅਰਪੋਰਟ ‘ਤੇ ਹਿਰਾਸਤ ‘ਚ ਰੱਖਿਆ ਗਿਆ ਸੀ। ਅਤੇ ਫਿਰ ਅਗਲੀ ਫਲਾਈਟ ਰਾਹੀਂ ਨਿਊਯਾਰਕ ਲਈ ਵਾਪਸ ਭੇਜ ਦਿੱਤਾ ਗਿਆ। ਇਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ।”