NGT – ਲੁਧਿਆਣਾ ਨਗਰ ਨਿਗਮ ਨੂੰ 100 ਕਰੋੜ ਰੁਪਏ ਦਾ ਜੁਰਮਾਨਾ – ਤਾਜਪੁਰ ਰੋਡ ਡੰਪ ਕਾਰਨ 7 ਵਿਅਕਤੀਆਂ ਦੀ ਮੌਤ ਦਾ ਮਾਮਲਾ
ਨਿਊਜ਼ ਪੰਜਾਬ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਲੁਧਿਆਣਾ ‘ਚ ਕੂੜੇ ਦੇ ਡੰਪ ‘ਚ ਅੱਗ ਲੱਗਣ ਕਾਰਨ ਧੂੰਏ ਕਾਰਨ 7 ਲੋਕਾਂ ਦੀ ਮੌਤ ਹੋਣ ਤੇ ਸਖ਼ਤ ਕਾਰਵਾਈ ਕਰਦਿਆਂ ਲੁਧਿਆਣਾ ਨਗਰ ਨਿਗਮ ਨੂੰ 100 ਕਰੋੜ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਹਨ I ਇਹ ਦੁਰਘਟਨਾ 15 ਅਪ੍ਰੈਲ ਦੀ ਰਾਤ ਨੂੰ ਤਾਜਪੁਰ ਰੋਡ ਡੰਪ ਤੇ ਵਾਪਰੀ ਸੀ I
ਐੱਨਜੀਟੀ ਨੇ ਮੀਡੀਆ ਰਿਪੋਰਟਾਂ ਦੇ ਆਧਾਰ ‘ਤੇ ਇਸ ਘਟਨਾ ਦਾ ਨੋਟਿਸ ਲਿਆ ਸੀ ਟ੍ਰਿਬਿਊਨਲ ਦੇ ਚੇਅਰਪਰਸਨ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਬੈਂਚ ਨੇ 25 ਜੁਲਾਈ ਨੂੰ ਇਹ ਫੈਸਲਾ ਸੁਣਾਇਆ ਹੈ।
ਇਹ ਰਕਮ ਇੱਕ ਮਹੀਨੇ ਦੇ ਅੰਦਰ ਜ਼ਿਲ੍ਹਾ ਮੈਜਿਸਟਰੇਟ ਲੁਧਿਆਣਾ ਕੋਲ ਜਮ੍ਹਾਂ ਕਰਵਾਉਣੀ ਪਵੇਗੀ। ਮੁਆਵਜ਼ੇ ਅਨੁਸਾਰ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ 5.75 ਲੱਖ ਰੁਪਏ ਅਤੇ 20 ਸਾਲ ਤੋਂ ਘੱਟ ਉਮਰ ਦੇ ਹਰੇਕ ਵਿਅਕਤੀ ਲਈ 7.5 ਲੱਖ ਰੁਪਏ ਨਿਰਧਾਰਤ ਕੀਤੇ ਗਏ ਹਨ। ਮਰਨ ਵਾਲੇ ਜ਼ਿਆਦਾਤਰ ਕੂੜਾ ਚੁੱਕਣ ਵਾਲਿਆਂ ਦੇ ਪਰਿਵਾਰ ਦੇ ਸਨ। ਇਹ ਸਾਰੇ ਪਿਛਲੇ ਦਸ ਸਾਲਾਂ ਤੋਂ ਡੰਪਿੰਗ ਸਾਈਟ ਦੇ ਨੇੜੇ ਰਹਿ ਰਹੇ ਸਨ। ਮ੍ਰਿਤਕਾਂ ਦੀ ਪਛਾਣ ਸੁਰੇਸ਼ (55), ਉਸ ਦੀ ਪਤਨੀ ਰੋਨਾ ਰਾਣੀ (50) ਅਤੇ ਉਨ੍ਹਾਂ ਦੇ ਬੱਚੇ ਰਾਖੀ (15), ਮਨੀਸ਼ਾ (10), ਚਾਂਦਨੀ (5), ਗੀਤਾ (6) ਅਤੇ ਸੰਨੀ (2) ਵਜੋਂ ਹੋਈ ਹੈ।