ਲੁਧਿਆਣਾ ‘ਚ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਸਾਂਝੇ ਤੌਰ ‘ਤੇ ‘ਬਿਜਲੀ ਮਹਾਂਉਤਸਵ’ ਦਾ ਆਯੋਜਨ ਕੀਤਾ ਗਿਆ
ਲੁਧਿਆਣਾ ‘ਚ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਸਾਂਝੇ ਤੌਰ ‘ਤੇ ‘ਬਿਜਲੀ ਮਹਾਂਉਤਸਵ’ ਦਾ ਆਯੋਜਨ ਕੀਤਾ ਗਿਆ
– ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ
ਲੁਧਿਆਣਾ, 25 ਜੁਲਾਈ (000) – ਭਾਰਤ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ‘ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ’ ਦੇ ਹਿੱਸੇ ਵਜੋਂ, ਬਿਜਲੀ ਮੰਤਰਾਲੇ ਨੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਸਹਿਯੋਗ ਨਾਲ ਅੱਜ ਗੁਰੂ ਨਾਨਕ ਭਵਨ ਵਿਖੇ ‘ਬਿਜਲੀ ਮਹਾਂਉਤਸਵ’ ਦਾ ਆਯੋਜਨ ਕੀਤਾ ਗਿਆ। ਬਿਜਲੀ ਮਹਾਂਉਤਸਵ, ਰਾਜ ਅਤੇ ਕੇਂਦਰ ਸਰਕਾਰਾਂ ਵਿਚਾਲੇ ਆਪਸੀ ਤਾਲਮੇਲ ਅਤੇ ਸਹਿਯੋਗ ਰਾਹੀਂ ਬਿਜਲੀ ਖੇਤਰ ਦੀਆਂ ਪ੍ਰਮੁੱਖ ਪ੍ਰਾਪਤੀਆਂ ਨੂੰ ਉਜਾਗਰ ਕਰਨ ਲਈ ਇੱਕ ਪਲੇਟਫਾਰਮ ਵਜੋਂ ਕੀਤੀ ਗਈ।
ਇਸ ਮੌਕੇ ਹਲਕਾ ਗਿੱਲ ਵਿਧਾਇਕ ਸ. ਜੀਵਨ ਸਿੰਘ ਸੰਗੋਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਐਸ.ਡੀ.ਐਮ. (ਪੱਛਮੀ) ਸ. ਕੁਲਪ੍ਰੀਤ ਸਿੰਘ, ਚੀਫ ਇੰਜਨੀਅਰ ਸ. ਪਰਵਿੰਦਰ ਸਿੰਘ ਖਾਂਬਾ ਵੀ ਹਾਜ਼ਰ ਸਨ।
ਇਸ ਮੌਕੇ ਭਾਰਤ ਸਰਕਾਰ ਦੀ ਤਰਫੋਂ ਸਤਲੁਜ ਜਲ ਬਿਜਲੀ ਨਿਗਮ (ਐਸ.ਜੇ.ਵੀ.ਐਨ.) ਲਿਮਟਿਡ ਦੇ ਸ੍ਰੀ ਆਸ਼ੂਤੋਸ਼ ਬਹੁਗੁਣਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2014 ਵਿੱਚ ਉਤਪਾਦਨ ਸਮਰੱਥਾ 2,48,554 ਮੈਗਾਵਾਟ ਤੋਂ ਵੱਧ ਕੇ ਅੱਜ 4,00,000 ਮੈਗਾਵਾਟ ਹੋ ਗਈ ਹੈ ਜੋ ਕਿ ਸਾਡੀ ਲੋੜ ਨਾਲੋਂ 1,85,000 ਮੈਗਾਵਾਟ ਵੱਧ ਹੈ। ਉਨ੍ਹਾਂ ਕਿਹਾ ਕਿ ਭਾਰਤ ਹੁਣ ਆਪਣੇ ਗੁਆਂਢੀ ਦੇਸ਼ਾਂ ਨੂੰ ਬਿਜਲੀ ਨਿਰਯਾਤ ਕਰ ਰਿਹਾ ਹੈ ਅਤੇ 1,63,000 ਸੀ.ਕੇ.ਐਮ. ਟਰਾਂਸਮਿਸ਼ਨ ਲਾਈਨਾਂ ਜੋੜੀਆਂ ਗਈਆਂ ਹਨ, ਜਿਸ ਨਾਲ ਪੂਰੇ ਦੇਸ਼ ਨੂੰ ਇੱਕ ਫਰੀਕਿਊਂਐਂਸੀ ‘ਤੇ ਚੱਲਣ ਵਾਲੇ ਇੱਕ ਗਰਿੱਡ ਨਾਲ ਜੋੜਿਆ ਜਾ ਰਿਹਾ ਹੈ। ਲੱਦਾਖ ਤੋਂ ਕੰਨਿਆਕੁਮਾਰੀ ਤੱਕ ਅਤੇ ਕੱਛ ਤੋਂ ਮਿਆਂਮਾਰ ਸਰਹੱਦ ਤੱਕ ਇਹ ਦੁਨੀਆ ਦਾ ਸਭ ਤੋਂ ਵੱਡਾ ਏਕੀਕ੍ਰਿਤ ਗਰਿੱਡ ਬਣ ਕੇ ਉਭਰਿਆ ਹੈ।
ਉਨ੍ਹਾਂ ਕਿਹਾ ਕਿ ਭਾਰਤ ਇਸ ਗਰਿੱਡ ਦੀ ਵਰਤੋਂ ਕਰਕੇ 1,12,000 ਮੈਗਾਵਾਟ ਬਿਜਲੀ ਦੇਸ਼ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੀ.ਓ.ਪੀ.21 ਵਿੱਚ ਪ੍ਰਣ ਕੀਤਾ ਸੀ ਕਿ 2030 ਤੱਕ ਸਾਡੀ ਉਤਪਾਦਨ ਸਮਰੱਥਾ ਦਾ 40 ਫੀਸਦ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਹੋਵੇਗੀ। ਅਸੀਂ ਨਿਰਧਾਰਤ ਸਮੇਂ ਤੋਂ 9 ਸਾਲ ਪਹਿਲਾਂ ਨਵੰਬਰ 2021 ਤੱਕ ਇਹ ਟੀਚਾ ਹਾਸਲ ਕਰ ਲਿਆ ਹੈ। ‘ਅੱਜ ਅਸੀਂ ਨਵਿਆਉਣਯੋਗ ਊਰਜਾ ਸਰੋਤਾਂ ਰਾਹੀਂ 1,63,000 ਮੈਗਾਵਾਟ ਬਿਜਲੀ ਪੈਦਾ ਕਰਦੇ ਹਾਂ’। ਅਸੀਂ ਦੁਨੀਆ ਵਿੱਚ ਤੇਜ਼ੀ ਨਾਲ ਨਵਿਆਉਣਯੋਗ ਊਰਜਾ ਸਮਰੱਥਾ ਨੂੰ ਸਥਾਪਿਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ 2,01,722 ਕਰੋੜ ਰੁਪਏ ਦੇ ਕੁੱਲ ਖਰਚੇ ਨਾਲ ਅਸੀਂ ਪਿਛਲੇ ਪੰਜ ਸਾਲਾਂ ਵਿੱਚ ਵੰਡ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਹੈ ਜਿਸ ਵਿੱਚ 2,921 ਨਵੇਂ ਸਬ-ਸਟੇਸ਼ਨ ਬਣਾਏ ਗਏ, 3,926 ਸਬ-ਸਟੇਸ਼ਨਾਂ ਦਾ ਵਾਧਾ, 6,04,465 ਸੀ.ਕੇ.ਐਮ. ਐਲ.ਟੀ. ਲਾਈਨਾਂ ਸਥਾਪਤ ਕੀਤੀਆਂ, 2,68,838 ਦੀਆਂ 11 ਕੇ.ਵੀ. ਐਚ.ਟੀ. ਲਾਈਨਾਂ, 1,22,123 ਸੀ.ਕੇ.ਐਮ. ਖੇਤੀਬਾੜੀ ਫੀਡਰਾਂ ਨੂੰ ਵੱਖਰੇ ਤੌਰ ‘ਤੇ ਸਥਾਪਤ ਕਰਨਾ ਸ਼ਾਮਲ ਹੈ।
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਸਰਕਾਰ ਨੇ ਬਿਜਲੀ (ਖਪਤਕਾਰਾਂ ਦੇ ਅਧਿਕਾਰ) ਨਿਯਮ, 2020 ਪੇਸ਼ ਕੀਤਾ ਹੈ, ਜਿਸ ਤਹਿਤ ਨਵਾਂ ਕੁਨੈਕਸ਼ਨ ਲੈਣ ਲਈ ਵੱਧ ਤੋਂ ਵੱਧ ਸਮਾਂ ਸੀਮਾ ਨੋਟੀਫਾਈ ਕੀਤੀ ਗਈ ਹੈ, ਖਪਤਕਾਰ ਹੁਣ ਰੂਫ ਟਾਪ ਸੋਲਰ ਨੂੰ ਅਪਣਾ ਕੇ ਵਪਾਰਕ ਬਣ ਸਕਦੇ ਹਨ, ਸਮੇਂ ਸਿਰ ਬਿਲਿੰਗ ਨੂੰ ਯਕੀਨੀ ਬਣਾਇਆ ਜਾਵੇਗਾ, ਮੀਟਰ ਨਾਲ ਸਬੰਧਤ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਸਮਾਂ-ਸੀਮਾਵਾਂ ਅਧਿਸੂਚਿਤ ਕੀਤੀਆਂ ਜਾਣਗੀਆਂ, ਰਾਜ ਰੈਗੂਲੇਟਰੀ ਅਥਾਰਟੀ ਹੋਰ ਸੇਵਾਵਾਂ ਲਈ ਸਮਾਂ-ਸੀਮਾਵਾਂ ਨੂੰ ਸੂਚਿਤ ਕਰੇਗੀ, ਡਿਸਕੌਮ ਖਪਤਕਾਰਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ 24 ਘੰਟੇ ਚੱਲਣ ਵਾਲੇ ਕਾਲ ਸੈਂਟਰ ਸਥਾਪਤ ਕੀਤੇ ਜਾਣਗੇ, 2018 ਵਿੱਚ 987 ਦਿਨਾਂ ਵਿੱਚ 100 ਫੀਸਦ ਗ੍ਰਾਮ ਬਿਜਲੀਕਰਨ (18,374) ਪ੍ਰਾਪਤ ਕੀਤਾ ਹੈ, 18 ਮਹੀਨਿਆਂ ਵਿੱਚ 100 ਫੀਸਦ ਘਰੇਲੂ ਬਿਜਲੀਕਰਨ (2.86 ਕਰੋੜ) ਪ੍ਰਾਪਤ ਕੀਤਾ। ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰੀਫਿਕੇਸ਼ਨ ਡਰਾਈਵ ਵਜੋਂ ਜਾਣਿਆ ਜਾਂਦਾ ਹੈ। ਸੋਲਰ ਪੰਪਾਂ ਨੂੰ ਅਪਣਾਉਣ ਲਈ ਇੱਕ ਸਕੀਮ ਵੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਕੇਂਦਰ ਸਰਕਾਰ 30 ਫੀਸਦ ਸਬਸਿਡੀ ਦੇਵੇਗੀ ਅਤੇ ਰਾਜ ਸਰਕਾਰ ਵੀ 30 ਫੀਸਦ ਸਬਸਿਡੀ ਦੇਵੇਗੀ। ਇਸ ਤੋਂ ਇਲਾਵਾ 30 ਫੀਸਦੀ ਲੋਨ ਦੀ ਸਹੂਲਤ ਵੀ ਮਿਲੇਗੀ।
ਮੁੱਖ ਮਹਿਮਾਨ ਵਿਧਾਇਕ ਸ. ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਬਿਜਲੀ ਮਹੋਤਸਵ ਉੱਜਵਲ ਭਾਰਤ ਉੱਜਵਲ ਭਵਿਸ਼ਿਆ-ਪਾਵਰ ‘2047 ਦੀ ਛਤਰ-ਛਾਇਆ ਹੇਠ ਪੂਰੇ ਦੇਸ਼ ਵਿੱਚ ਮਨਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਅਤੇ ਬਿਜਲੀ ਖੇਤਰ ਵਿੱਚ ਹੋ ਰਹੇ ਵਿਕਾਸ ਨੂੰ ਆਮ ਨਾਗਰਿਕਾਂ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਾਰੇ ਘਰਾਂ ਨੂੰ 600 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਅਜਿਹੇ ਕਈ ਲੋਕ ਪੱਖੀ ਉਪਰਾਲੇ ਜਲਦੀ ਹੀ ਸ਼ੁਰੂ ਕੀਤੇ ਜਾਣਗੇ।
ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਊਰਜ਼ਾ ਬਚਾਉਣ ਸਬੰਧੀ ਗੀਤ ਅਤੇ ਨੁੱਕੜ ਨਾਟਕ ਪੇਸ਼ ਕੀਤੇ। ਬਿਜਲੀ ਖੇਤਰ ‘ਤੇ ਲਘੂ ਫਿਲਮਾਂ ਦਾ ਆਯੋਜਨ ਵੀ ਕੀਤਾ ਗਿਆ।
ਇਸ ਮੌਕੇ ਪੀ.ਐਸ.ਪੀ.ਸੀ.ਐਲ. ਦੇ ਸੁਪਰਡੈਂਟ ਇੰਜੀ: ਸ੍ਰੀ ਵਸ਼ਿਸਟ, ਵਧੀਕ ਸੁਪਰਡੈਂਟ ਇੰਜੀ: ਸ. ਦਲਜੀਤ ਸਿੰਘ ਵੀ ਹਾਜ਼ਰ ਸਨ।