ਲੁਧਿਆਣਾ ਵਿਖੇ 50 ਐੱਮ ਐੱਲ ਡੀ ਸਮਰੱਥਾ ਵਾਲੇ ਸੀ ਈ ਟੀ ਪੀ ਦਾ ਉਦਘਾਟਨ – ਤਾਜਪੁਰ ਰੋਡ ਦੀਆਂ 102 ਡਾਇੰਗ ਯੂਨਿਟਾਂ ਦਾ ਪਾਣੀ ਕੀਤਾ ਜਾਵੇਗਾ ਸਾਫ਼
ਪੰਜਾਬ ਸਰਕਾਰ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਲੁਧਿਆਣਾ ਵਾਸੀਆਂ ਨੂੰ ਤੋਹਫ਼ਾ
– ਪੰਜਾਬ ਸਰਕਾਰ ਪ੍ਰਦੂਸ਼ਣ ਨੂੰ ਰੋਕਣ ਲਈ ਪੂਰੀ ਤਰ੍ਹਾਂ ਸਮਰਪਿਤ – ਸਾਇੰਸ, ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ
ਨਿਊਜ਼ ਪੰਜਾਬ
ਲੁਧਿਆਣਾ, 5 ਜੂਨ – ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੰਜਾਬ ਸਰਕਾਰ ਨੇ ਜ਼ਿਲ੍ਹਾ ਲੁਧਿਆਣਾ, ਖਾਸ ਕਰਕੇ ਸ਼ਹਿਰ ਦੀਆਂ ਹੌਜ਼ਰੀ ਅਤੇ ਡਾਇੰਗ ਸਨਅਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਸਥਾਨਕ ਤਾਜਪੁਰ ਸੜਕ ਉੱਤੇ 50 ਐੱਮ ਐੱਲ ਡੀ ਸਮਰੱਥਾ ਵਾਲਾ ਸਾਂਝਾ ਗੰਦਾ ਜਲ ਸੋਧਕ ਪਲਾਂਟ (ਸੀ ਈ ਟੀ ਪੀ) ਅੱਜ ਤੋਂ ਸ਼ੁਰੂ ਹੋ ਗਿਆ ਹੈ, ਜਿਸ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਦੀ ਤਰਫ਼ੋਂ ਸਾਇੰਸ, ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਦੇ ਸਕੱਤਰ ਸ਼੍ਰੀ ਰਾਹੁਲ ਤਿਵਾੜੀ ਨੇ ਵਰਚੂਅਲ ਤਰੀਕੇ ਨਾਲ ਕੀਤਾ। ਇਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਬਚਤ ਭਵਨ ਵਿਖੇ ਹੋਇਆ ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਨੇ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਪੰਚਾਲ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੁੱਖ ਇੰਜੀਨੀਅਰ ਸ਼੍ਰੀ ਗੁਲਸ਼ਨ ਰਾਏ, ਬੋਰਡ ਦੇ ਐਸ ਈ ਸ੍ਰ ਗੁਰਬਖਸ਼ ਸਿੰਘ ਗਿੱਲ ਅਤੇ ਹੋਰ ਹਾਜ਼ਰ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਾਹੁਲ ਤਿਵਾੜੀ ਨੇ ਕਿਹਾ ਕਿ ਲੁਧਿਆਣਾ ਪੰਜਾਬ ਦੀ ਆਰਥਿਕ ਰਾਜਧਾਨੀ ਹੈ ਅਤੇ ਇਸ ਨੂੰ ਪੰਜਾਬ ਦੇ ਮਾਨਚੈਸਟਰ ਵਜੋਂ ਜਾਣਿਆ ਜਾਂਦਾ ਹੈ। ਡਾਇੰਗ ਅਤੇ ਹੌਜ਼ਰੀ ਲੁਧਿਆਣਾ ਦੀ ਮੁੱਖ ਸਨਅਤ ਹੈ। ਡਾਇੰਗ ਦਾ ਸਭ ਤੋਂ ਵੱਡਾ ਕਲੱਸਟਰ ਤਾਜਪੁਰ ਰੋਡ, ਲੁਧਿਆਣਾ ਵਿਖੇ ਹੈ ਜਿਸ ਵਿੱਚ 102 ਛੋਟੇ ਅਤੇ ਮਾਈਕਰੋ ਸਕੂਲ ਦੇ ਡਾਇੰਗ ਯੂਨਿਟ ਹਨ। ਇਨ੍ਹਾਂ ਸਾਰੇ ਡਾਇੰਗ ਯੂਨਿਟਾਂ ਨੇ ਆਪਣੇ ਪ੍ਰੋਸੈਸ ਵਿੱਚੋਂ ਨਿਕਲਣ ਵਾਲੇ ਪਾਣੀ ਨੂੰ ਸਾਫ਼ ਕਰਨ ਲਈ ਆਪਣੇ ਪੱਧਰ ਤੇ ਗੰਦਾ ਜਲ ਸੋਧਕ ਪਲਾਂਟ (ਈ ਟੀ ਪੀ) ਲਗਾਏ ਹੋਏ ਹਨ ਪਰ ਸਕਿਲਡ ਮੈਨ ਪਾਵਰ ਦੀ ਘਾਟ ਅਤੇ ਕਈ ਵਾਰ ਸਹੀ ਢੰਗ ਨਾਲ ਟਰੀਟਮੈਂਟ ਗੰਦਾ ਜਲ ਸੋਧਕ ਪਲਾਂਟ ਨਾ ਚਲਾਉਣ ਕਾਰਨ ਕਈ ਵਾਰ ਨਿਕਾਸੀ ਪਾਣੀ ਦੇ ਕੁੱਝ ਅੰਸ਼ ਨਿਰਧਾਰਤ ਮਾਪਦੰਡਾਂ ਤੋਂ ਵੱਧ ਜਾਂਦੇ ਸਨ।
ਇਸ ਸਮੱਸਿਆ ਨੂੰ ਦੂਰ ਕਰਨ ਲਈ ਅਤੇ ਭਵਿੱਖ ਵਿੱਚ ਤੈਅ ਹੋਣ ਵਾਲੇ ਸਖ਼ਤ ਮਾਪਦੰਡਾਂ ਨੂੰ ਪੂਰਾ ਕਰਨ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਡਾਇੰਗ ਯੂਨਿਟਾਂ ਦੀ ਐਸ ਪੀ ਵੀ ਦੇ ਰਾਹੀਂ 50 ਐੱਮ ਐੱਲ ਡੀ ਸਮਰੱਥਾ ਦਾ ਸਾਂਝਾ ਗੰਦਾ ਜਲ ਸੋਧਕ ਪਲਾਂਟ (Common Effluent Treatment Plant) ਲਗਵਾਉਣ ਦਾ ਬੀੜਾ ਚੁੱਕਿਆ ਅਤੇ ਪੰਜਾਬ ਸਰਕਾਰ ਵੱਲੋਂ ਸਬਸਿਡੀ ਦਿੱਤੀ ਗਈ।
ਉਹਨਾਂ ਕਿਹਾ ਕਿ ਤਾਜਪੁਰ ਰੋਡ ਦੀਆਂ 102 ਡਾਇੰਗ ਯੂਨਿਟਾਂ ਦਾ ਪਾਣੀ ਸਾਂਝਾ ਗੰਦਾ ਜਲ ਸੋਧਕ ਪਲਾਂਟ ਉਪਰ ਲਿਆ ਕੇ ਸਾਫ਼ ਕੀਤਾ ਜਾਵੇਗਾ। ਇਹ ਪਲਾਂਟ ਐਸ ਬੀ ਆਰ ਤਕਨੀਕ ਤੇ ਆਧਾਰਿਤ ਅਤਿ ਆਧੁਨਿਕ ਤਕਨੀਕ ਨਾਲ ਬਣਿਆ ਹੋਇਆ ਹੈ ਜਿਸ ਕਰਕੇ ਇਹ ਮਾਪਦੰਡਾਂ ਨੂੰ ਪੂਰਾ ਕਰਨ ਲਈ ਸਮਰੱਥ ਹੈ। ਸਾਰੀਆਂ ਡਾਇੰਗ ਯੂਨਿਟਾਂ ਵਿੱਚੋ ਨਿਕਲਣ ਵਾਲੇ ਪਾਣੀ ਦੀ ਮਾਤਰਾ ਮਾਪਣ ਲਈ ਆਨਲਾਈਨ ਮੀਟਰ ਲਗਾਏ ਜਾਣਗੇ। ਸੋਧੇ ਹੋਏ ਪਾਣੀ ਦੇ ਮਾਪਦੰਡਾਂ ਨੂੰ ਮਾਪਣ ਲਈ ਵੱਖਰੇ ਸਿਸਟਮ ਲਗਾਏ ਜਾਣਗੇ। ਇਸ ਪਲਾਂਟ ਦੇ ਚੱਲਣ ਨਾਲ ਤਾਜਪੁਰ ਰੋਡ ਦੇ ਸਾਰੇ ਡਾਇੰਗ ਯੂਨਿਟਾਂ ਦਾ ਪਾਣੀ ਨਿਰਧਾਰਤ ਮਾਪਦੰਡਾਂ ਅਧੀਨ ਸਾਫ਼ ਕਰਨ ਵਿੱਚ ਸਹੂਲਤ ਹੋਵੇਗੀ |
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪ੍ਰਦੂਸ਼ਣ ਨੂੰ ਰੋਕਣ ਲਈ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਲਗਾਤਾਰ ਇਸ ਦਿਸ਼ਾ ਵਿੱਚ ਉਪਰਾਲੇ ਜਾਰੀ ਰਹਿਣਗੇ।
–