ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੇਰਕਾ ਦਾ ਅਕਸ ਖ਼ਰਾਬ ਕਰਨ ਦੀਆਂ ਕੋਝੀਆਂ ਹਰਕਤਾਂ ਦੀ ਕਰੜੀ ਨਿਖੇਧੀ

ਨਿਊਜ਼ ਪੰਜਾਬ 
ਚੰਡੀਗੜ੍ਹ, 6 ਮਈ:
ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਅੱਜ ਦੱਸਿਆ ਕਿ ਤੁਰਕੀ ਵਿੱਚ ਸਾਲ 2020 ‘ਚ ਬਣੀ ਪੁਰਾਣੀ ਵੀਡੀਉ ਰਾਹੀਂ ਵੇਕਰਾ ਦਾ ਅਕਸ ਖ਼ਰਾਬ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਮਿਲਕਫ਼ੈੱਡ ਵੱਲੋਂ ਸੂਚਨਾ ਤਕਨਾਲੌਜੀ ਐਕਟ, 2000 ਤਹਿਤ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਜੋ ਸਮਾਜ ਦੇ ਬੇਈਮਾਨ ਅਤੇ ਗ਼ੈਰ-ਜ਼ਿੰਮੇਵਾਰ ਅਨਸਰਾਂ ਵਿਰੁੱਧ ਲੋੜੀਂਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਦੱਸ ਦੇਈਏ ਕਿ ਸੋਸ਼ਲ ਮੀਡਿਆ ‘ਤੇ ਦੁੱਧ ਨਾਲ ਨਹਾਉਂਦੇ ਵਿਅਕਤੀ ਦੀ ਤੁਰਕੀ ਵਿੱਚ ਬਣੀ ਇਕ ਪੁਰਾਣੀ ਵੀਡੀਉ ਸਮਾਜ ਵਿਰੋਧੀ ਅਨਸਰਾਂ ਵੱਲੋਂ ਵੇਰਕਾ ਨਾਲ ਸਬੰਧਤ ਦੱਸ ਕੇ ਵਾਇਰਲ ਕੀਤੀ ਜਾ ਰਹੀ ਹੈ ਤਾਂ ਜੋ ਡੇਅਰੀ ਉਦਯੋਗ ਵਿੱਚ ਵੇਰਕਾ ਦੀ ਵੱਧ ਰਹੀ ਪ੍ਰਸਿੱਧੀ ਅਤੇ ਇਸ ਦੇ ਸਹਿਕਾਰੀ ਬਰਾਂਡ ਦੇ ਸਾਫ਼ ਅਕਸ ਨੂੰ ਖੋਰਾ ਲਾਇਆ ਜਾ ਸਕੇ।
ਵਿੱਤ ਅਤੇ ਸਹਿਕਾਰਤਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਾਇਰਲ ਵੀਡਿਉ ਦੀ ਤਸਵੀਰ ਸਪੱਸ਼ਟ ਤੌਰ ‘ਤੇ ਦਰਸਾਉਂਦੀ ਹੈ ਕਿ ਇਹ ਕੋਝੀ ਹਰਕਤ ਵੇਰਕਾ ਬਰਾਂਡ ਦੀ ਨਿੱਤ ਵੱਧ ਰਹੀ ਪ੍ਰਸਿੱਧੀ ਨੂੰ ਖ਼ਰਾਬ ਕਰਨ ਦੇ ਇਰਾਦੇ ਨਾਲ ਕੀਤੀ ਗਈ ਹੈ।
ਸ. ਚੀਮਾ ਨੇ ਇਸ ਵੀਡਿਉ ‘ਤੇ ਵੇਰਕਾ ਦਾ ਨਾਮ ਲਿਖ ਕੇ ਸੋਸ਼ਲ ਮੀਡੀਆ ‘ਤੇ ਪਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਪੁੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕਰਨ ਉਪਰੰਤ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਵੀ ਸੋਸ਼ਲ ਮੀਡੀਆ ਪਲੇਟਫ਼ਾਰਮ ‘ਤੇ ਇਹ ਵੀਡਿਉ ਚਲਾਈ ਜਾ ਰਹੀ ਹੋਵੇ, ਉਥੋਂ ਪੋਸਟ ਨੂੰ ਤੁਰੰਤ ਹਟਾਇਆ ਜਾਵੇ ਕਿਉਂਕਿ ਇਹ ਕਿਸੇ ਤਰ੍ਹਾਂ ਵੀ ਵੇਰਕਾ ਨਾਲ ਸਬੰਧਤ ਨਹੀਂ ਹੈ ਅਤੇ ਕੇਵਲ ਸਾੜੇ ਦੀ ਭਾਵਨਾ ਨਾਲ ਖਪਤਕਾਰਾਂ ਨੂੰ ਗੁੰਮਰਾਹ ਕਰਕੇ ਵੇਰਕਾ ਦੀ ਵੱਧ ਰਹੀ ਲੋਕਪ੍ਰਿਅਤਾ ਨੂੰ ਠੇਸ ਲਾਉਣ ਲਈ ਪਾਈ ਗਈ ਹੈ ਜਿਸ ਨਾਲ ਅਨੇਕਾਂ ਖਪਤਕਾਰਾਂ ਅਤੇ ਦੁੱਧ ਉਤਪਾਦਕਾਂ ਦਾ ਨੁੁਕਸਾਨ ਹੋਵੇਗਾ।
ਜ਼ਿਰਯੋਗ ਹੈ ਕਿ ਵੇਰਕਾ ਦੇ ਸਾਰੇ ਮਿਲਕ ਪਲਾਂਟ ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ 2006 (ਐਫ.ਐਸ.ਐਸ.ਏ.ਆਈ.) ਵੱਲੋਂ ਨਿਰਧਾਰਿਤ ਸਾਰੀਆਂ ਕਾਨੂੰਨੀ ਜ਼ਰੂਰੀ ਸ਼ਰਤਾਂ ਨੂੰ ਪੂਰਾ ਕਰ ਰਹੇ ਹਨ ਅਤੇ ਉਸ ਮੁੁਤਾਬਕ ਕੰਮ ਕਰਦੇ ਹਨ।
ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਉਣ ਵਾਲੇ ਮਿਲਕਫ਼ੈੱਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਮੀਡੀਆ ਰਿਪੋਰਟਾਂ ਮੁਤਾਬਿਕ ਇਹ ਵੀਡੀਉ ਲਗਭਗ ਦੋ ਸਾਲ ਪੁੁਰਾਣੀ ਹੈ ਅਤੇ ਇਸ ਵੀਡਿਉ ਦਾ ਵੇਰਕਾ ਨਾਲ ਕੋਈ ਸਬੰਧ ਨਹੀਂ ਹੈ। ਮੀਡੀਆ ਵਿੱਚ ਸਾਲ 2020 ਦੇ ਨਵੰਬਰ ਮਹੀਨੇ ਛਪੀਆਂ ਖ਼ਬਰਾਂ ਮੁਤਾਬਿਕ ਇਹ ਵੀਡਿਉ ਤੁੁਰਕੀ ਦੇ ਸੈਂਟਰਲ ਐਂਨਾਟੋਲੀਅਨ ਸੂਬੇ ਦੇ ਕੋਨੀਆ ਨਾਮਕ ਕਸਬੇ ਵਿੱਚ ਫਿਲਮਾਈ ਗਈ ਹੈੈ। ਦੁੱਧ ਦੇ ਟੈਂਕ ਵਿੱਚ ਜੋ ਆਦਮੀ ਨਹਾਉਂਦਾ ਦਿਖਾਈ ਦੇ ਰਿਹਾ ਹੈ ਉਸ ਦਾ ਨਾਮ ਐਮਰੇ ਸਯਾਰ ਹੈ। ਉਕਤ ਵੀਡਿਉ ਟਿਕਟੌਕ ਰਾਹੀਂ ਤੁੁਰਕੀ ਦੇ ਵਸਨੀਕ ਉੱਗਰ ਤੁਰਗਤ ਵੱਲੋਂ ਅਪਲੋਡ ਕੀਤੇ ਜਾਣ ਦਾ ਵੇਰਵਾ ਹੈ ਅਤੇ ਦੋਵਾਂ ਨੂੰ ਤੁੁਰਕੀ ਸਰਕਾਰ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਦੀ ਪੁੁਸ਼ਟੀ ਹੇਠਾਂ ਦਿੱਤੇ ਲਿੰਕਾਂ ਤੋਂ ਕੀਤੀ ਜਾ ਸਕਦੀ ਹੈ:
ਸ੍ਰੀ ਸੰਘਾ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਸਭ ਤੋਂ ਔਖੇ ਸਮੇਂ ਦੌਰਾਨ ਵੇਰਕਾ ਨੇ ਡੇਅਰੀ ਦੇ ਕੁੁਆਲਿਟੀ ਮਾਪਦੰਡਾਂ ਅਨੁੁਸਾਰ ਦੁੱਧ ਦੀ ਸੰਭਾਲ ਕੀਤੀ ਅਤੇ ਆਪਣੇ ਖਪਤਕਾਰਾਂ ਨੂੰ ਸ਼ੁੱਧ ਦੁੱਧ ਅਤੇ ਦੁੱਧ ਪਦਾਰਥਾਂ ਨੂੰ ਮੁੁਹੱਈਆ ਕਰਵਾਉਣ ਵਿੱਚ ਅਹਿਮ ਯੋਗਦਾਨ ਨਿਭਾਇਆ।
ਉਨ੍ਹਾਂ ਦੱਸਿਆ ਕਿ ਵੇਰਕਾ ਪਿਛਲੇ 50 ਸਾਲ ਤੋਂ ਦੁੱਧ ਅਤੇ ਦੁੱਧ ਉਤਪਾਦਾਂ ਦੀ ਮਾਰਕੀਟਿੰਗ ਅਤੇ ਵਿਕਰੀ ਨਾ ਸਿਰਫ਼ ਭਾਰਤੀ ਬਲਕਿ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਵੀ ਕਰ ਰਿਹਾ ਹੈ। ਇਸ ਦੇ ਸ਼ੁੱਧ, ਗੁੁਣਵੱਤਾ ਭਰਪੂਰ ਅਤੇ ਭਰੋਸੇਮੰਦ ਉਤਪਾਦਾਂ ਨੂੰ ਆਪਣੇ ਗਾਹਕਾਂ ਤੋਂ ਸ਼ਾਨਦਾਰ ਹੁੰਗਾਰਾ ਮਿਲਣ ਕਾਰਨ ਵੇਰਕਾ ਦੀ ਵਿਕਰੀ ਵਿੱਚ ਭਰਪੂਰ ਵਾਧਾ ਹੋਇਆ ਹੈ। ਵਿੱਤੀ ਸਾਲ 2021-22 ਦੌਰਾਨ ਮਿਲਕਫ਼ੈੱਡ ਨੇ ਵਿੱਤੀ ਸਾਲ 2020-21 ਦੀ ਵਿਕਰੀ ਪ੍ਰਾਪਤੀ ਦੇ ਮੁੁਕਾਬਲੇ ਪੈਕਟ ਵਾਲੇ ਦੁੱਧ ਵਿੱਚ 10%, ਦਹੀਂ ਵਿੱਚ 38%, ਲੱਸੀ ਵਿੱਚ 24% ਅਤੇ ਖੀਰ ਵਿੱਚ 30% ਸਾਲਾਨਾ ਵਾਧਾ ਦਰਜ ਕੀਤਾ। ਇਸੇ ਤਰ੍ਹਾਂ ਮਿਲਕਫ਼ੈੱਡ ਨੇ ਡੇਅਰੀ ਵਾਈਟਨਰ ਵਿੱਚ 82%, ਆਈਸਕਰੀਮ ਵਿੱਚ 51%, ਯੂ.ਐਚ.ਟੀ. ਦੁੱਧ ਵਿੱਚ 31%, ਘਿਉ ਵਿੱਚ 14%, ਮਿੱਠੇ ਦੁੱਧ ਵਿੱਚ 39% ਅਤੇ ਲੱਸੀ ਵਿੱਚ ਵੀ 39% ਦੀ ਵਿਕਰੀ ਦਾ ਰਿਕਾਰਡ ਵਾਧਾ ਦਰਜ ਕੀਤਾ ਹੈ। ਇਸ ਤੋਂ ਜ਼ਾਹਿਰ ਹੈ ਕਿ ਵੇਰਕਾ ਦੇ ਤੇਜ਼ੀ ਨਾਲ ਵੱਧ ਰਹੇ ਵਪਾਰ ਅਤੇ ਚੰਗੇ ਅਕਸ ਨੂੰ ਢਾਹ ਲਾਉਣ ਲਈ ਕਿਸੇ ਨੇ ਸਾੜੇ ਦੀ ਭਾਵਨਾ ਨਾਲ ਇਸ ਵੀਡੀਉ ਉਪਰ ਵੇਰਕਾ ਦਾ ਨਾਮ ਵਰਤਿਆ ਹੈ।