ਪੰਜਾਬ ਸਰਕਾਰ ਨੇ 2,86,353 ਰਜਿਸਟਰਡ ਉਸਾਰੀ ਕਿਰਤੀਆਂ ਦੇ ਖਾਤੇ ‘ਚ ਡੀ.ਬੀ.ਟੀ. ਰਾਹੀਂ 86 ਕਰੋੜ ਰੁਪਏ ਪਾਏ

ਚੰਡੀਗੜ੍ਹ, 27 ਮਾਰਚ:  ( ਗੁਰਪ੍ਰੀਤ ਸਿੰਘ – ਨਿਊਜ਼ ਪੰਜਾਬ )

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਕਿਰਤ ਵਿਭਾਗ ਵੱਲੋਂ ਅੱਜ 2,86,353 ਰਜਿਸਟਰਡ ਉਸਾਰੀ ਕਿਰਤੀਆਂ ਦੇ ਬੱਚਤ ਬੈਂਕ ਖਾਤਿਆਂ ਵਿੱਚ ਡੀ.ਬੀ.ਟੀ. ਰਾਹੀਂ 86 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਰਤ ਅਤੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਰੋਨਾ ਵਾਇਰਸ ਬਿਮਾਰੀ (ਕੋਵਿਡ-19) ਨੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅਤੇ ਵਿਸ਼ਵ ਭਰ ਵਿੱਚ 21,031 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਸ ਮਾਰੂ ਬਿਮਾਰੀ ਦੇ ਵਧ ਰਹੇ ਪ੍ਰਕੋਪ ਨੂੰ ਧਿਆਨ ਵਿਚ ਰੱਖਦੇ ਹੋਏ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਪਹਿਲਾਂ ਹੀ ਇਸ ਨੂੰ ਮਹਾਂਮਾਰੀ ਘੋਸ਼ਿਤ ਕੀਤਾ ਹੈ ਅਤੇ ਪੂਰੇ ਵਿਸ਼ਵ ਲਈ ਐਡਵਾਇਜ਼ਰੀਆਂ ਜਾਰੀ ਕੀਤੀਆਂ ਹਨ। ਉਸਾਰੀ ਕਿਰਤੀਆਂ ਦੇ ਕੰਮ ਦੀ ਪ੍ਰਕਿਰਤੀ ਨੂੰ ਧਿਆਨ ਵਿਚ ਰੱਖਦੇ ਹੋਏ, ਉਹ ਘਰ ਤੋਂ ਕੰਮ ਕਰਨ ਤੋਂ ਅਸਮਰੱਥ ਹਨ।  ਇਸ ਲਈ ਉਸਾਰੀ ਕਿਰਤੀਆਂ ਨੂੰ ਬਿਨਾਂ ਕੰਮ ਅਤੇ ਮਜ਼ਦੂਰੀ ਦੇ ਘਰ ਰਹਿਣਾ ਪਏਗਾ। ਬਿਨਾਂ ਕੰਮ ਅਤੇ ਤਨਖਾਹ ਦੇ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ।

ਇਸ ਦੇ ਮੱਦੇਨਜ਼ਰ ਮੁੱਖ ਮੰਤਰੀ, ਪੰਜਾਬ ਕਮ ਚੇਅਰਮੈਨ ਬਿਲਡਿੰਗ ਐਂਡ ਕੰਸਟਰੱਕਸ਼ਨਜ਼ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਹਰ ਰਜਿਸਟਰਡ ਉਸਾਰੀ ਕਿਰਤੀ ਨੂੰ ਤੁਰੰਤ 3000 ਰੁਪਏ ਦੀ ਆਰਜ਼ੀ ਅੰਤ੍ਰਿਮ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ।

ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਬੀ.ਓ.ਸੀ.ਡਬਲਯੂ. ਵੈਲਫੇਅਰ ਬੋਰਡ ਨੇ 2,86,353 ਲਾਭਪਾਤਰੀਆਂ ਦੇ ਕੇਸਾਂ ਦੀ ਪ੍ਰੋਸੈਸਿੰਗ ਕੀਤੀ ਹੈ ਅਤੇ ਉਨ੍ਹਾਂ ਦੇ ਬਚਤ ਖਾਤਿਆਂ ਵਿੱਚ ਡੀ.ਬੀ.ਟੀ. ਦੁਆਰਾ 86 ਕਰੋੜ ਰੁਪਏ ਦੀ ਰਾਸ਼ੀ ਟਰਾਂਸਫਰ ਕੀਤੀ ਗਈ ਹੈ।