ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੇ ਮਾਪੇ ਜਾਰੀ ਇਸ ਫੋਨ ਨੰਬਰ ਤੇ ਸਰਕਾਰ ਨੂੰ ਦੇਣ ਜਾਣਕਾਰੀ
ਨਿਊਜ਼ ਪੰਜਾਬ
ਚੰਡੀਗੜ੍ਹ, 26 ਫਰਵਰੀ – ਯੂਕਰੇਨ ਵਿੱਚ ਜੰਗ ਕਾਰਨ ਸੰਕਟ ਵਿੱਚ ਘਿਰੇ ਦੁਖੀ ਪਰਿਵਾਰਾਂ ਦੀ ਹਰ ਸੰਭਵ ਮਦਦ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਅਨਿਰੁਧ ਤਿਵਾੜੀ ਨੇ ਸ਼ਨਿੱਚਰਵਾਰ ਨੂੰ ਇਥੇ ਉੱਚ ਪੱਧਰੀ ਮੀਟਿੰਗ ਦੌਰਾਨ ਸੂਬਾ ਸਰਕਾਰ ਦੇ ਸਮਰਪਿਤ 24×7 ਕੰਟਰੋਲ ਰੂਮ ਨੰਬਰਾਂ ‘ਤੇ ਪ੍ਰਾਪਤ ਕਾਲਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੇ ਸਾਰੇ ਡਿਪਟੀ ਕਮਿਸ਼ਨਰਾਂ, ਸੀ.ਪੀਜ਼. ਅਤੇ ਐਸ.ਐਸ ਪੀਜ਼. ਨੂੰ ਨਿਰਦੇਸ਼ ਦਿੱਤੇ ਕਿ ਜੰਗ ਪ੍ਰਭਾਵਿਤ ਇਸ ਮੁਲਕ ਵਿੱਚ ਫਸੇ ਪੰਜਾਬ ਦੇ ਵਿਅਕਤੀਆਂ ਬਾਰੇ ਸਮੇਤ ਪਾਸਪੋਰਟ ਨੰਬਰ ਜਾਣਕਾਰੀ ਤੁਰੰਤ ਅੱਪਡੇਟ ਕੀਤੀ ਜਾਵੇ ਤਾਂ ਜੋ ਪ੍ਰਭਾਵਿਤ ਵਿਅਕਤੀਆਂ ਦੀ ਅਸਲ ਗਿਣਤੀ ਪਤਾ ਲੱਗ ਸਕੇ।
ਇੱਥੇ ਆਪਣੇ ਦਫ਼ਤਰ ਵਿਖੇ ਡਿਪਟੀ ਕਮਿਸ਼ਨਰਾਂ, ਸੀਪੀਜ਼ ਅਤੇ ਐਸਐਸਪੀਜ਼ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਪ੍ਰਭਾਵਿਤ ਵਿਅਕਤੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਤੁਰੰਤ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 1100 (ਪੰਜਾਬ ਤੋਂ ਫੋਨ ਕਰਨ ਲਈ) ਅਤੇ +91-172 4111905 ਉਤੇ (ਭਾਰਤ ਤੋਂ ਬਾਹਰੋਂ ) ਸੰਪਰਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਟਰੋਲ ਰੂਮ ਨੰਬਰਾਂ ‘ਤੇ ਹੁਣ ਤੱਕ ਕੁੱਲ 155 ਕਾਲਾਂ ਆ ਚੁੱਕੀਆਂ ਹਨ ਅਤੇ ਯੂਕਰੇਨ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਇਨ੍ਹਾਂ ਕਾਲਾਂ ਰਾਹੀਂ ਪ੍ਰਾਪਤ ਜਾਣਕਾਰੀ ਤੁਰੰਤ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਸਾਂਝੀ ਕੀਤੀ ਜਾ ਰਹੀ ਹੈ।