ਮਾਡਲ ਪੋਲਿੰਗ ਸਟੇਸ਼ਨ ਅਤੇ ਪਿੰਕ ਪੋਲਿੰਗ ਸਟੇਸ਼ਨ ਬਣਨਗੇ ਖਿੱਚ ਦਾ ਕੇਂਦਰ

ਨਿਊਜ਼ ਪੰਜਾਬ 
ਮੋਗਾ, 19 ਫਰਵਰੀ – 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੈਣ ਵਾਲੀਆਂ ਵੋਟਾਂ ਵਿੱਚ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਇਸ ਵਾਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਯਤਨਾਂ ਤਹਿਤ ਹੀ ਜ਼ਿਲ੍ਹਾ ਮੋਗਾ ਵਿਚ 10 ਪਿੰਕ ਪੋਲਿੰਗ ਸਟੇਸ਼ਨ ਤੇ 20 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਹ ਪੋਲਿੰਗ ਸਟੇਸ਼ਨ ਆਪਣੇ ਵਿਸ਼ੇਸ਼ ਪ੍ਰਬੰਧਾਂ ਦੇ ਕਾਰਨ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਪਿੰਕ ਬੂਥਾਂ ਉੱਪਰ ਕੇਵਲ ਮਹਿਲਾ ਸਟਾਫ ਹੀ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਬੂਥਾਂ ਨੂੰ ਗੁਲਾਬੀ ਰੰਗ ਵਿਚ ਰੰਗਿਆ ਗਿਆ ਅਤੇ ਸ਼ਮਿਆਨਾ ਵੀ ਇਸੇ ਰੰਗ ਦਾ ਹੈ। ਇਸ ਤੋਂ ਇਲਾਵਾ ਮਾਡਲ ਪੋਲਿੰਗ ਸਟੇਸ਼ਨਾਂ ਅੰਦਰ ਵੋਟਰਾਂ ਦੇ ਸਵਾਗਤ ਲਈ ਪੰਜਾਬ ਵਿਧਾਨ ਸਭਾ ਚੋਣਾਂ ਦੇ ਮਸਕਟ ‘ਸ਼ੇਰਾ’ ਦੇ ਕਟ ਆਊਟ ਲਗਾਉਣ ਤੋਂ ਇਲਾਵਾ ਰੰਗੋਲੀ ਬਣਾਉਣ, ਵੋਟਰਾਂ ਦਾ ਸਵਾਗਤ ਕਰਨ ਤੇ ਸੈਲਫੀ ਪੁਆਇੰਟ ਵੀ ਬਣਾਏ ਗਏ ਹਨ।
ਉਹਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਵਿੱਚ 3, ਬਾਘਾਪੁਰਾਣਾ ਵਿੱਚ 1, ਮੋਗਾ ਵਿੱਚ 2 ਅਤੇ ਧਰਮਕੋਟ ਵਿੱਚ 4 ਪਿੰਕ ਪੋਲਿੰਗ ਸਟੇਸ਼ਨ ਤਿਆਰ ਕੀਤੇ ਗਏ ਹਨ। ਜਦਕਿ ਹਰੇਕ ਵਿਧਾਨ ਸਭਾ ਹਲਕੇ ਵਿੱਚ 5-5 ਮਾਡਲ ਪੋਲਿੰਗ ਸਟੇਸ਼ਨ ਵੀ ਤਿਆਰ ਕੀਤੇ ਗਏ ਹਨ।
ਉਹਨਾਂ ਜ਼ਿਲ੍ਹਾ ਮੋਗਾ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਬੂਥ ਤੇ ਪਹੁੰਚ ਕੇ ਵੋਟਾਂ ਪਾਉਣ। ਸਾਡੇ ਵਲੋਂ ਹਰੇਕ ਤਰ੍ਹਾਂ ਦੀ ਸੁਰੱਖਿਆ ਤੇ ਪ੍ਰਬੰਧ ਕੀਤੇ ਗਏ ਹਨ। ਉਨਾਂ ਕਿਹਾ ਕਿ ਵੋਟਾਂ ਲੋਕਤੰਤਰ ਦਾ ਤਿਓਹਾਰ ਹਨ, ਜਿਸਨੂੰ ਸ਼ਾਂਤੀ ਅਤੇ ਉਤਸ਼ਾਹ ਨਾਲ ਮਨਾਉਂਦੇ ਹੋਏ ਆਪਣੀ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ।