ਕੋਵਿਡ ਪੋਜ਼ਟਿਵ ਮਰੀਜ਼ ਸ਼ਾਮ 5 ਤੋਂ 6 ਵਜੇ ਤੱਕ ਕਰਨਗੇ ਮਤਦਾਨ

ਕੋਵਿਡ ਪੋਜ਼ਟਿਵ ਮਰੀਜ਼ ਸ਼ਾਮ 5 ਤੋਂ 6 ਵਜੇ ਤੱਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਕੋਵਿਡ ਮਰੀਜ਼ਾਂ ਨੂੰ ਪੀ.ਪੀ.ਈ ਕਿੱਟਾਂ ਮੁਹੱਇਆ ਕਰਵਾਈਆਂ ਜਾਣਗੀਆਂ ਜਿਸ ਉਪਰੰਤ ਉਹ ਆਪਣੇ ਸਬੰਧਿਤ ਪੋਲਿੰਗ ਸਟੇਸ਼ਨ ਉੱਤੇ ਆ ਕੇ ਵੋਟ ਪਾਉਣਗੇ। 

 

ਹਰੇਕ ਪੋਲਿੰਗ ਸਟੇਸ਼ਨ ਉੱਤੇ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਪੁਖਤਾ ਇੰਤਜ਼ਾਮ ਕੀਤੇ ਗਏ – ਜ਼ਿਲ੍ਹਾ ਚੋਣ ਅਫ਼ਸਰ

ਨਿਊਜ਼ ਪੰਜਾਬ 
ਮੋਗਾ, 19 ਫਰਵਰੀ – ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ 20 ਫਰਵਰੀ ਚੋਣ ਵਾਲੇ ਦਿਨ ਨੂੰ ਕੋਵਿਡ ਪੋਜ਼ਟਿਵ ਮਰੀਜ਼ ਸ਼ਾਮ 5 ਤੋਂ 6 ਵਜੇ ਤੱਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ।
ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਕੋਵਿਡ ਮਰੀਜ਼ਾਂ ਨੂੰ ਪੀ.ਪੀ.ਈ ਕਿੱਟਾਂ ਮੁਹੱਇਆ ਕਰਵਾਈਆਂ ਜਾਣਗੀਆਂ ਜਿਸ ਉਪਰੰਤ ਉਹ ਆਪਣੇ ਸਬੰਧਿਤ ਪੋਲਿੰਗ ਸਟੇਸ਼ਨ ਉੱਤੇ ਆ ਕੇ ਵੋਟ ਪਾਉਣਗੇ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਅਨੁਸਾਰ ਜ਼ਿਲ੍ਹਾ ਮੋਗਾ ਵਿੱਚ 19 ਫਰਵਰੀ ਤੱਕ 25 ਮਰੀਜ਼ ਕਰੋਨਾ ਪ੍ਰਭਾਵਿਤ ਹਨ ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਟੀਮਾਂ ਵਲੋਂ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਘਰੇਲੂ ਏਕਾਂਤਵਾਸ ਅਧੀਨ ਕੋਵਿਡ ਮਰੀਜ਼ਾਂ ਨੂੰ ਪੋਲਿੰਗ ਸਟੇਸ਼ਨਾਂ ਤੱਕ ਲਿਆਉਣ ਲਈ ਸਿਹਤ ਵਿਭਾਗ ਵਲੋਂ ਐਂਬੂਲੈਂਸਾਂ ਮੁਹਈਆ ਕਰਵਾਈਆਂ ਜਾਣਗੀਆਂ ਜਿਸ ਤਹਿਤ ਸੀਨੀਅਰ ਮੈਡੀਕਲ ਅਫਸਰਾਂ ਵਲੋਂ ਮਰੀਜ਼ਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।
ਉਹਨਾਂ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਪੋਲਿੰਗ ਸਟੇਸ਼ਨਾਂ ਤੋਂ ਇਕੱਠੇ ਹੋਏ ਬਾਇਓ ਮੈਡੀਕਲ ਵੇਸਟ ਲਈ ਕੁਲੈਕਸ਼ਨ ਸੈਂਟਰ ਬਣਾਏ ਗਏ ਹਨ ਜਿੱਥੇ ਮੈਡੀਕਲ ਅਫਸਰਾਂ ਨੂੰ ਨੋਡਲ ਅਫਸਰ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਆਸ਼ਾ ਵਰਕਰਾਂ ਨੂੰ ਪੋਲਿੰਗ ਸਟੇਸ਼ਨਾਂ ਉੱਤੇ ਤਾਇਨਾਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਬਾਇਓ ਮੈਡੀਕਲ ਵੇਸਟ ਸੰਭਾਲਣ ਲਈ ਵਿਸ਼ੇਸ਼ ਡਸਟਬਿਨ ਰੱਖੇ ਗਏ ਹਨ। ਵੋਟਿੰਗ ਪ੍ਰਕਿਰਿਆ ਖਤਮ ਹੋਣ ਦੇ ਇਕ ਘੰਟੇ ਦੇ ਅੰਦਰ ਅੰਦਰ ਇਹ ਵੇਸਟ ਚੁੱਕ ਕੇ ਨੇੜਲੇ ਸਿਹਤ ਕੇਂਦਰ ਵਿਚ ਤਬਦੀਲ ਕਰ ਦਿੱਤਾ ਜਾਏਗਾ। ਜਿਥੋਂ ਕਿ ਕੰਪਨੀ ਦੇ ਵਰਕਰਾਂ ਵੱਲੋਂ ਇਹ ਉਠਾ ਕੇ ਨਸ਼ਟ ਕਰ ਦਿੱਤਾ ਜਾਏਗਾ।
ਉਨ੍ਹਾਂ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਉੱਤੇ ਸਟਾਫ ਨੂੰ ਕੋਵਿਡ ਕਿੱਟਾਂ ਵੀ ਮੁਹਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਜਿਹੜੇ ਵੋਟਰਾਂ ਕੋਲ ਮਾਸਕ ਆਦਿ ਨਾ ਹੋਏ ਤਾਂ ਉਹਨਾਂ ਨੂੰ ਮੁਹਈਆ ਕਰਵਾਏ ਜਾਣਗੇ। ਇਸੇ ਤਰ੍ਹਾਂ ਹਰੇਕ ਪੋਲਿੰਗ ਸਟੇਸ਼ਨ ਉੱਤੇ ਹੱਥਾਂ ਨੂੰ ਸਾਫ ਕਰਨ ਲਈ ਸੈਨੀ ਟਾਈਜਰ ਦਾ ਪ੍ਰਬੰਧ ਹੋਵੇਗਾ। ਉਹਨਾਂ ਕਿਹਾ ਕਿ ਹਰੇਕ ਪੋਲਿੰਗ ਸਟੇਸ਼ਨ ਉੱਤੇ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਲਕੁਲ ਨਿਸਚਿਤ ਹੋ ਕੇ ਆਪਣੇ ਵੋਟ ਦਾ ਅਧਿਕਾਰ ਇਸਤੇਮਾਲ ਕਰਨ ਲਈ ਆਉਣ।