ਦੋ ਦਿਨ ਹੋਰ ਰਹੇਗੀ ਵਧੇਰੇ ਠੰਢ – ਬਠਿੰਡਾ ’ਚ ਤਾਪਮਾਨ 3.6 ਡਿਗਰੀ ਰਿਹਾ – ਪੜ੍ਹੋ ਕਿਥੋਂ ਆ ਰਹੀ ਹੈ ਸੀਤ ਲਹਿਰ ਵਾਲੀ ਠੰਢ
ਨਿਊਜ਼ ਪੰਜਾਬ
ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਢ ਦਾ ਦੌਰ ਅਗਲੇ ਦੋ ਦਿਨਾਂ ਤੱਕ ਜਾਰੀ ਰਹਿਣ ਵਾਲਾ ਹੈ। ਬੰਗਾਲ ਦੀ ਖਾੜੀ ਤੋਂ ਆ ਰਹੀਆਂ ਨਮੀ ਵਾਲੀਆਂ ਹਵਾਵਾਂ ਕਾਰਨ ਪੂਰੇ ਉੱਤਰ, ਪੂਰਬੀ ਅਤੇ ਪੱਛਮੀ ਭਾਰਤ ਵਿੱਚ ਕੜਾਕੇ ਦੀ ਠੰਢ ਜਾਰੀ ਹੈ। ਦੂਜੇ ਪਾਸੇ ਪਹਾੜਾਂ ‘ਤੇ ਬਰਫਬਾਰੀ ਨੇ ਮੁਸੀਬਤ ਵਧਾ ਦਿੱਤੀ ਹੈ। ਕਈ ਰਾਜਾਂ ਵਿੱਚ ਬੱਦਲ ਛਾਏ ਰਹਿਣਗੇ, ਇਸ ਲਈ ਤੇਜ਼ ਧੁੱਪ ਦੀ ਅਣਹੋਂਦ ਕਾਰਨ ਠੰਢਕ ਬਣੀ ਰਹੇਗੀ।
ਪੰਜਾਬ ਅਤੇ ਹਰਿਆਣਾ ’ਚ ਪਿਛਲੇ ਦਿਨਾਂ ਤੋਂ ਪਏ ਮੀਂਹ ਤੋਂ ਬਾਅਦ ਹੁਣ ਠੰਢ ਨੇ ਜ਼ੋਰ ਫੜ ਲਿਆ ਹੈ ਜਦਕਿ ਸੰਘਣੀ ਧੁੰਦ ਨੇ ਵੀ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਹਿਮਾਚਲ ਪ੍ਰਦੇਸ਼ ਵਾਲੇ ਪਾਸਿਓਂ ਚੱਲਣ ਵਾਲੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਪੰਜਾਬ ਦੇ ਬਠਿੰਡਾ ’ਚ ਤਾਪਮਾਨ 3.6 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਫਤਿਆਬਾਦ ’ਚ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦੋ-ਤਿੰਨ ਦਿਨ ਦੋਵਾਂ ਸੂਬਿਆਂ ’ਚ ਮੌਸਮ ਸਾਫ਼ ਰਹੇਗਾ, ਪਰ ਧੁੱਪ ਮੱਧਮ ਰਹੇਗੀ। ਇਸ ਦੇ ਨਾਲ ਹੀ ਸੀਤ ਲਹਿਰ ਵੀ ਚੱਲੇਗੀ।
ਮੌਸਮ ਵਿਭਾਗ ਅਨੁਸਾਰ ਕੱਲ ਸੂਬੇ ’ਚ ਕਈ ਥਾਵਾਂ ’ਤੇ ਮੀਂਹ ਪਿਆ ਹੈ। ਰਾਜਧਾਨੀ ਚੰਡੀਗੜ੍ਹ ਦਾ ਘੱਟ ਤੋਂ ਘੱਟ ਤਾਪਮਾਨ 9.5 ਡਿਗਰੀ ਸੈਲਸੀਅਸ, ਅੰਮ੍ਰਿਤਸਰ ’ਚ 6.8 ਡਿਗਰੀ ਸੈਲਸੀਅਸ, ਲੁਧਿਆਣਾ ’ਚ 7.1 ਡਿਗਰੀ ਸੈਲਸੀਅਸ, ਪਟਿਆਲਾ ’ਚ 9.3 ਡਿਗਰੀ ਸੈਲਸੀਅਸ, ਪਠਾਨਕੋਟ ’ਚ 7 ਡਿਗਰੀ ਸੈਲਸੀਅਸ, ਫ਼ਰੀਦਕੋਟ ’ਚ 5.2 ਡਿਗਰੀ ਸੈਲਸੀਅਸ, ਗੁਰਦਾਸਪੁਰ ’ਚ 7 ਡਿਗਰੀ ਸੈਲਸੀਅਸ, ਨਵਾਂ ਸ਼ਹਿਰ ’ਚ 7.6 ਡਿਗਰੀ ਸੈਲਸੀਅਸ ਤਾਪਮਾਨ ਰਿਹਾ।