ਚੋਣ ਕਮਿਸ਼ਨ ਨੇ ਸਿਆਸੀ ਰੈਲੀਆਂ ਅਤੇ ਰੋਡ ਸ਼ੋਅ ਉੱਤੇ 31 ਜਨਵਰੀ ਤਕ ਪਾਬੰਦੀ ਲਾਈ – ਘਰ-ਘਰ ਜਾ ਕੇ ਪ੍ਰਚਾਰ ਕਰ ਸਕਣਗੇ ਹੁਣ 10 ਵਿਅਕਤੀ

ਨਿਊਜ਼ ਪੰਜਾਬ
ਦੇਸ਼ ਦੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਐਲਾਨ ਹੋ ਚੁੱਕਾ ਹੈ ਤੇ ਚੋਣ ਕਮਿਸ਼ਨ ਨੇ ਕਰੋਨਾ ਤੇ ਓਮੀਕਰੋਨ ਕੇਸ ਲਗਾਤਾਰ ਵਧਣ ਕਾਰਨ ਇਨ੍ਹਾਂ ਸੂਬਿਆਂ ਵਿੱਚ ਸਿਆਸੀ ਰੈਲੀਆਂ ਅਤੇ ਰੋਡ ਸ਼ੋਅ ਉੱਤੇ 31 ਜਨਵਰੀ ਤਕ ਪਾਬੰਦੀ ਵਧਾ ਦਿੱਤੀ ਹੈ। ਪਹਿਲਾਂ ਇਹ ਪਾਬੰਦੀ 22 ਜਨਵਰੀ ਤਕ ਸੀ। ਇਸੇ ਦੌਰਾਨ ਘਰ-ਘਰ ਜਾ ਕੇ ਪ੍ਰਚਾਰ ਕਰਨ ਲਈ ਪੰਜ ਵਿਅਕਤੀਆਂ ਦੀ ਸੀਮਾ ਵਧਾ ਕੇ 10 ਕਰ ਦਿੱਤੀ ਗਈ ਹੈ।

ਪਹਿਲੇ ਪੜਾਅ ਲਈ 28 ਜਨਵਰੀ ਤੋਂ ਕੁਝ ਛੋਟ ਮਿਲੇਗੀ
ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਪਹਿਲੇ ਪੜਾਅ ਦੇ ਚੋਣ ਪ੍ਰਚਾਰ ਲਈ 28 ਜਨਵਰੀ ਤੋਂ ਕੁਝ ਢਿੱਲ ਮਿਲੇਗੀ। ਇਸ ਦੇ ਨਾਲ ਹੀ ਦੂਜੇ ਪੜਾਅ ਲਈ ਇਹ ਛੋਟ 1 ਫਰਵਰੀ ਤੋਂ ਉਪਲਬਧ ਹੋਵੇਗੀ। ਇਸ ਦੌਰਾਨ ਪਾਰਟੀਆਂ ਅਤੇ ਉਮੀਦਵਾਰ ਜਨਤਕ ਮੀਟਿੰਗਾਂ ਕਰ ਸਕਣਗੇ। ਡੋਰ-ਟੂ-ਡੋਰ ਚੋਣ ਪ੍ਰਚਾਰ ਲਈ 5 ਦੀ ਬਜਾਏ 10 ਲੋਕ ਜਾ ਸਕਣਗੇ। ਕੋਰੋਨਾ ਨਾਲ ਜੁੜੀਆਂ ਪਾਬੰਦੀਆਂ ਦੇ ਨਾਲ, ਖੁੱਲ੍ਹੀਆਂ ਥਾਵਾਂ ‘ਤੇ ਵੀਡੀਓ ਵੈਨਾਂ ਲਗਾ ਕੇ ਵੀ ਪ੍ਰਚਾਰ ਕੀਤਾ ਜਾ ਸਕਦਾ ਹੈ।

ਰੈਲੀਆਂ ਅਤੇ ਰੋਡ ਸ਼ੋਅ ‘ਤੇ ਪਾਬੰਦੀ ਜਾਰੀ ਰਹੇਗੀ
ਚੋਣ ਕਮਿਸ਼ਨ ਨੇ ਰੈਲੀਆਂ ਅਤੇ ਰੋਡ ਸ਼ੋਅ ‘ਤੇ ਪਾਬੰਦੀ 31 ਜਨਵਰੀ ਤੱਕ ਵਧਾ ਦਿੱਤੀ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕਮਿਸ਼ਨ ਨੇ ਇਹ ਪਾਬੰਦੀਆਂ ਲਗਾਈਆਂ ਸਨ। ਜੋ ਅੱਜ ਖਤਮ ਹੋ ਰਹੀਆਂ ਸਨ । ਅੱਜ ਹੋਈ ਮੀਟਿੰਗ ਤੋਂ ਬਾਅਦ ਇਨ੍ਹਾਂ ਪਾਬੰਦੀਆਂ ਨੂੰ 31 ਜਨਵਰੀ ਤੱਕ ਹੋਰ ਵਧਾਉਣ ਦਾ ਫੈਸਲਾ ਕੀਤਾ ਗਿਆ।