ਕੋਰੋਨਾ – 24 ਘੰਟਿਆਂ ‘ਚ 1 ਲੱਖ ਤੋਂ ਪਾਰ ਹੋਏ ਮਾਮਲੇ -10 ਦਿਨਾਂ ‘ਚ 20 ਗੁਣਾ ਵਧੇ ਮਰੀਜ਼
ਦੇਸ਼ ਵਿੱਚ ਕੋਰੋਨਾ ਦੀ ਰਫ਼ਤਾਰ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ ਕਰੀਬ 1 ਲੱਖ 17 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਯਾਨੀ 10 ਦਿਨਾਂ ‘ਚ ਮਰੀਜ਼ 20 ਗੁਣਾ ਵਧ ਗਏ। ਇਸ ਤੋਂ ਪਹਿਲਾਂ 28 ਦਸੰਬਰ ਨੂੰ ਸਿਰਫ਼ ਛੇ ਹਜ਼ਾਰ ਮਾਮਲੇ ਸਾਹਮਣੇ ਆਏ ਸਨ। ਉੱਥੇ ਹੀ, ਮੁੰਬਈ ਅਤੇ ਦਿੱਲੀ ਤੋਂ ਬਾਅਦ ਹੁਣ ਯੂਪੀ ਵਿੱਚ ਵੀ ਸੰਕਰਮਣ ਦੀ ਰਫ਼ਤਾਰ ਵੱਧ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਇੱਥੇ 2000 ਤੋਂ ਵੱਧ ਮਰੀਜ਼ ਆਏ ਹਨ।
ਕਰੋੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਵਧਦੇ ਕੇਸਾਂ ਅਤੇ ਲਾਗ ਦੇ ਤੇਜ਼ੀ ਨਾਲ ਅੱਗੇ ਫੈਲਣ ਦੇ ਵਰਤਾਰੇ ਨੂੰ ਧਿਆਨ ’ਚ ਰੱਖਦਿਆਂ ਕੇਂਦਰ ਸਰਕਾਰ ਨੇ ਨੌਂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ-19 ਟੈਸਟਿੰਗ ਦਾ ਘੇਰਾ ਵਧਾਉਣ ਦੀ ਅਪੀਲ ਕੀਤੀ ਹੈ। ਸਰਕਾਰ ਨੇ ਟੈਸਟਿੰਗ ਲਈ ਲੋੜੀਂਦੀਆਂ ਕਿੱਟਾਂ ਦੀ ਉਪਲੱਭਧਤਾ ਤੇ ਹੋਰ ਸਾਮਾਨ ਦੇ ਭੰਡਾਰਨ ਦੀ ਵੀ ਸਲਾਹ ਦਿੱਤੀ ਹੈ। ਸਰਕਾਰ ਨੇ ਰਾਜਾਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਨਵੇਂ ਸਰੂਪ ਤੋਂ ਗ੍ਰਸਤ ਲੋਕ ਲਾਗ ਦਾ ਅੱਗੇ ਹੋਰਨਾਂ ਵਿੱਚ ਪ੍ਰਸਾਰ ਨਾ ਕਰਨ। ਇਸ ਦੌਰਾਨ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 495 ਓਮੀਕਰੋਨ ਕੇਸ ਸਾਹਮਣੇ ਆਏ ਹਨ, ਜੋ ਇਕ ਦਿਨ ਵਿੱਚ ਰਿਪੋਰਟ ਹੋਣ ਵਾਲਾ ਸਭ ਤੋਂ ਵੱਡਾ ਅੰਕੜਾ ਹੈ। ਇਨ੍ਹਾਂ ਨਵੇਂ ਕੇਸਾਂ ਨਾਲ ਦੇਸ਼ ਵਿੱਚ ਓਮੀਕਰੋਨ ਦੀ ਲਾਗ ਦੇ ਕੁੱਲ ਕੇਸਾਂ ਦੀ ਗਿਣਤੀ 2630 ਹੋ ਗਈ ਹੈ।
ਵਧੀਕ ਸਿਹਤ ਸਕੱਤਰ ਆਰਤੀ ਆਹੂਜਾ ਨੇ ਤਾਮਿਲ ਨਾਡੂ, ਪੰਜਾਬ, ਉੜੀਸਾ, ਯੂਪੀ, ਉੱਤਰਾਖੰਡ, ਮਿਜ਼ੋਰਮ, ਮੇਘਾਲਿਆ, ਜੰਮੂ ਤੇ ਕਸ਼ਮੀਰ ਅਤੇ ਬਿਹਾਰ ਨੂੰ ਲਿਖੇ ਪੱਤਰ ਵਿੱਚ ਕੋਵਿਡ-19 ਟੈਸਟਿੰਗ ’ਚ ਆਏ ਵੱਡੇ ਨਿਘਾਰ ਅਤੇ ਕੇਸਾਂ ਅਤੇ ਪਾਜ਼ੇਟਿਵਿਟੀ ਦਰ ’ਚ ਵਾਧੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਇਹ ‘ਫ਼ਿਕਰਮੰਦੀ ਦਾ ਵਿਸ਼ਾ’ ਹੈ। ਪੰਜ ਜਨਵਰੀ ਨੂੰ ਲਿਖੇ ਪੱਤਰ ਵਿੱਚ ਆਹੂਜਾ ਨੇ ਕਿਹਾ ਕਿ ਲੋੜੀਂਦੀ ਟੈਸਟਿੰਗ ਦੀ ਅਣਹੋਂਦ ਵਿੱਚ ਇਹ ਪਤਾ ਲਾਉਣਾ ਕਾਫ਼ੀ ਮੁਸ਼ਕਲ ਹੋ ਜਾਵੇਗਾ ਕਿ ਸਮਾਜ ਵਿੱਚ ਲਾਗ ਫੈਲਣ ਦਾ ਅਸਲ ਪੱਧਰ ਕੀ ਹੈ। ਆਹੂਜਾ ਨੇ ਕਿਹਾ ਕਿ ਕੋਵਿਡ-19 ਹਾਲਾਤ ਨੂੰ ਹੋਰ ਖਰਾਬ ਹੋਣ ਤੋਂ ਰੋਕਣ ਲਈ ਲਗਾਤਾਰ ਚੌਕਸੀ ਤੇ ਯਤਨਾਂ ਦੀ ਲੋੜ ਹੈ। ਆਹੂਜਾ ਨੇ ਕਿਹਾ ਕਿ ਸਿਹਤ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਇਨ੍ਹਾਂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇੇਸਾਂ ਤੇ ਪਾਜ਼ੇਟਿਵਿਟੀ ਦਰ ਵਧਣ ਦਰਮਿਆਨ ਕੋਵਿਡ-19 ਟੈਸਟਿੰਗ ’ਚ ਵੱਡਾ ਨਿਘਾਰ ਆਇਆ ਹੈ। ਉਨ੍ਹਾਂ ਰਾਜਾਂ ਨੂੰ ਸਲਾਹ ਦਿੱਤੀ ਕਿ ਉਹ ਟੈਸਟਿੰਗ ਕਿੱਟਾਂ ਤੇ ਹੋਰ ਲੋੜੀਂਦੇ ਸਾਮਾਨ ਦੀ ਉਪਲੱੱਭਧਤਾ ਤੇ ਭੰਡਾਰਨ ਨੂੰ ਯਕੀਨੀ ਬਣਾਉਣ। –