ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਕੋਰੋਨਾ ਦੇ ਓਮਿਕਰੋਨ ਦੇ ਵੱਧਦੇ ਮਾਮਲਿਆਂ ਦੌਰਾਨ ਉੱਚ ਪੱਧਰੀ ਸਮੀਖਿਆ ਮੀਟਿੰਗ ਦੌਰਾਨ ਦਵਾਈਆਂ ਅਤੇ ਆਕਸੀਜਨ ਦੇ ਸਟਾਕ ਵਿੱਚ ਸੁਧਾਰ ਦੇ ਦਿੱਤੇ ਨਿਰਦੇਸ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਕੋਰੋਨਾ ਦੇ ਇੱਕ ਨਵੇਂ ਰੂਪ ਓਮਿਕਰੋਨ ਦੇ ਵੱਧਦੇ ਮਾਮਲਿਆਂ ਦੇ ਵਿਚਕਾਰ ਵੀਰਵਾਰ ਸ਼ਾਮ ਨੂੰ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਸਮੀਖਿਆ ਬੈਠਕ ਕੀਤੀ। ਇਸ ਵਿੱਚ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਮੀਟਿੰਗ ਵਿੱਚ ਓਮੀਕਰੋਨ ਦੇ ਵੱਧ ਰਹੇ ਕੇਸਾਂ ਨੂੰ ਰੋਕਣ ਲਈ ਹਸਪਤਾਲਾਂ ਦੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਸ਼ਾਮ ਕਰੀਬ 7 ਵਜੇ ਸ਼ੁਰੂ ਹੋਈ ਮੀਟਿੰਗ ਇਕ ਘੰਟੇ ਤੱਕ ਚੱਲੀ। ਇਸ ਵਿੱਚ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਦਵਾਈਆਂ ਅਤੇ ਆਕਸੀਜਨ ਦੇ ਸਟਾਕ ਵਿੱਚ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਦੇਸ਼ ਭਰ ਵਿੱਚ ਟੀਕਾਕਰਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰਨ ਲਈ ਵੀ ਕਿਹਾ ਗਿਆ।

ਮੋਦੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਉਨ੍ਹਾਂ ਜ਼ਿਲ੍ਹਿਆਂ ਦੀ ਸ਼ਨਾਖਤ ਕਰਨ ਜਿੱਥੇ ਟੀਕਾਕਰਨ ਦੀ ਹਾਲਤ ਅਜੇ ਠੀਕ ਨਹੀਂ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਟੀਕਾਕਰਨ ਸਬੰਧੀ ਦਰਪੇਸ਼ ਸਮੱਸਿਆਵਾਂ ਬਾਰੇ ਰਾਜ ਸਰਕਾਰ ਨਾਲ ਗੱਲ ਕਰਕੇ ਇਸ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਨ ਵੱਲ ਧਿਆਨ ਦੇਣ।

ਦੇਸ਼ ‘ਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ ਇਕ ਵਾਰ ਫਿਰ ਤੋਂ ਵੱਧ ਰਹੀ ਹੈ। ਨਵੀਂ Omicron ਵੇਰੀਐਂਟ ਨੇ ਚਿੰਤਾ ਵਧਾ ਦਿੱਤੀ ਹੈ। ਵੀਰਵਾਰ ਨੂੰ, 4 ਰਾਜਾਂ ਵਿੱਚ ਓਮਿਕਰੋਨ ਦੇ 64 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿੱਚੋਂ ਤਾਮਿਲਨਾਡੂ ਵਿੱਚ 33, ਤੇਲੰਗਾਨਾ ਵਿੱਚ 14, ਕਰਨਾਟਕ ਵਿੱਚ 12 ਅਤੇ ਕੇਰਲ ਵਿੱਚ 5 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਨਵੇਂ ਵੇਰੀਐਂਟ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 355 ਹੋ ਗਈ ਹੈ। ਮਹਾਰਾਸ਼ਟਰ ਵਿੱਚ ਓਮੀਕਰੋਨ ਦੇ ਸਭ ਤੋਂ ਵੱਧ 65 ਮਾਮਲੇ ਹਨ। ਦਿੱਲੀ 64 ਮਾਮਲਿਆਂ ਨਾਲ ਦੂਜੇ ਅਤੇ ਤੇਲੰਗਾਨਾ 38 ਮਾਮਲਿਆਂ ਨਾਲ ਤੀਜੇ ਨੰਬਰ ‘ਤੇ ਹੈ।