ਬੰਬ ਧਮਾਕੇ ਵਿੱਚ ਮਰਨ ਵਾਲੇ ਤੇ ਬੰਬ ਰੱਖਣ ਦਾ ਸ਼ੱਕ – ਸੁਖਜਿੰਦਰ ਸਿੰਘ ਰੰਧਾਵਾ ਲੁਧਿਆਣਾ ਪਹੁੰਚੇ -ਉਚ ਅਧਿਕਾਰੀਆਂ ਨਾਲ ਮੌਕੇ ਦਾ ਮੁਆਇਨਾ ਕੀਤਾ

ਅੱਜ ਦੁਪਹਿਰ ਲੁਧਿਆਣਾ ਦੇ ਅਦਾਲਤੀ ਕੰਪਲੈਕਸ ਦੀ ਦੂਜੀ ਮੰਜ਼ਿਲ ਦੇ ਬਾਥਰੂਮ ਵਿੱਚ ਹੋਏ ਬੰਬ ਧਮਾਕੇ ਵਿੱਚ ਇੱਕ ਵਿਅਕਤੀ ਦੇ ਮਾਰੇ ਜਾਣ ਦੀ ਪੁਲਿਸ ਅਧਿਕਾਰੀਆਂ ਵਲੋਂ ਪੁਛਟੀ ਕੀਤੀ ਗਈ ਹੈ । ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸਪਾਸ ਦਾ ਇਲਾਕਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਧਮਾਕੇ ‘ਚ ਇਕ ਵਿਅਕਤੀ ਦੇ ਮਾਰੇ ਜਾਣ ਦੀ ਖਬਰ ਹੈ ਉਸ ਬਾਰੇ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਕਿ ਬੰਬ ਲੈ ਕੇ ਉਕਤ ਵਿਅਕਤੀ ਹੀ ਉਥੇ ਆਇਆ ਹੋਵੇ । ਪੁਲਿਸ ਨੂੰ ਬਾਥਰੂਮ ਦੇ ਅੰਦਰੋਂ ਜੋ ਲਾਸ਼ ਮਿਲੀ ਹੈ ਉਸ ਦੇ ਚੀਥੜੇ ਉੱਡ ਗਏ ਹਨ। ਅਜਿਹੇ ‘ਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਵਿਅਕਤੀ ਬੰਬ ਰੱਖਣ ਆਇਆ ਸੀ।

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਲੁਧਿਆਣਾ ਪਹੁੰਚੇ ਹਨ। ਉਨ੍ਹਾਂ ਉਚ ਅਧਿਕਾਰੀਆਂ ਨਾਲ ਮੌਕੇ ਦਾ ਮੁਆਇਨਾ ਕੀਤਾ। ਉਹ ਧਮਾਕੇ ਵਿੱਚ ਜਖਮੀ ਹੋਏ 4 ਵਿਅਕਤੀਆਂ ਦਾ ਵੱਖ ਵੱਖ ਹਸਪਤਾਲਾਂ ਵਿੱਚ ਜਾ ਕੇ ਹਾਲ ਪਤਾ ਕੀਤਾ ਅਤੇ ਜਖਮੀਆਂ ਬਾਰੇ ਡਾਕਟਰਾਂ ਤੋਂ ਜਾਣਕਾਰੀ ਲਈ ਅਤੇ ਉਹਨਾਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ । ਉਹਨਾਂ ਦੇ ਨਾਲ ਪੰਜਾਬ ਦੇ ਡੀ ਜ਼ੀ ਪੀ ਸ਼੍ਰੀ ਸਿਧਾਰਥ ਚਟੋਪਾਧਿਆਏ ਵੀ ਸਨ।

ਇਸ ਬਾਰੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਤਾਂ ਉਹ ਵਿਸਫੋਟਕ ਲੈ ਕੇ ਆਇਆ ਸੀ ਜਾਂ ਉਸਦੇ ਆਸ-ਪਾਸ ਸੀ। ਹੁਣ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਬਾਕੀ ਚਾਰ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।