ਸਿਆਸਤ – ਕਈ ਅਕਾਲੀ ਆਗੂ ਭਾਜਪਾ ਦੇ ਨਿਸ਼ਾਨੇ ਤੇ – ਦਿੱਲੀ ਦੇ ਕਈ ਆਗੂ ਅੱਜ ਕਰ ਸਕਦੇ ਹਨ ਐਲਾਨ – ਹਿੱਤ ਦੀ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਚਰਚਾ ਵਧੀ

ਸ਼੍ਰੋਮਣੀ ਅਕਾਲੀ ਦਲ ( ਬਾਦਲ ) ਦੇ ਆਗੂ ਮਨਜਿੰਦਰ ਸਿੰਘ ਸਿਰਸਾ ਤੋਂ ਬਾਅਦ ਕਈ ਸੀਨੀਅਰ ਲੀਡਰ ਭਾਜਪਾ ਵਿੱਚ ਜਾਣ ਲਈ ਕਾਹਲੇ ਜਾਪਦੇ ਹਨ। ਅਕਾਲੀ ਆਗੂ ਅਵਤਾਰ ਸਿੰਘ ਹਿੱਤ ਵਲੋਂ ਬੁਧਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਇਹ ਕਿਆਸ – ਅਰਾਈਆਂ ਤੇਜ਼ ਹੋ ਗਈਆਂ ਹਨ ਕਿ ਮਨਜਿੰਦਰ ਸਿੰਘ ਸਿਰਸਾ ਵਲੋਂ ਕੀਤੇ ਜਾ ਰਹੇ ਯਤਨਾਂ ਸਦਕਾ ਦਿੱਲੀ ਕਮੇਟੀ ਦੇ ਅੱਧੀ ਦਰਜਨ ਮੈਂਬਰਾਂ ਸਮੇਤ ਕੁਝ ਅਕਾਲੀ ਆਗੂ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦੇਣਗੇ , ਉਮੀਦ ਕੀਤੀ ਜਾ ਰਹੀ ਹੈ ਕਿ ਇਹ ਐਲਾਨ ਅੱਜ ਜਾਂ ਆਉਂਦੇ ਦੋ ਦਿਨਾਂ ਵਿੱਚ ਹੋ ਸਕਦਾ।

ਸਿਆਸੀ ਸੂਤਰਾਂ ਅਨੁਸਾਰ ਪੰਜਾਬ ਵਿੱਚ ਅਕਾਲੀ ਦਲ ਬਾਦਲ ਦੇ ਮੁੜ ਸੱਤਾ ਵਿੱਚ ਆਉਣ ਦੀ ਵੱਧ ਰਹੀ ਸੰਭਾਵਨਾ ਨੂੰ ਰੋਕਣ ਲਈ ਅਜਿਹੇ ਯਤਨ ਹੋ ਰਹੇ ਹਨ , ਅਕਾਲੀ ਆਗੂਆਂ ਨੂੰ ਭਾਜਪਾ ਆਪਣੇ ਨਾਲ ਜੋੜਣ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਰਹੀ ਹੈ। ਬੀਤੇ ਦਿਨੀ ਇੱਕ ਵੱਡੇ ਅਕਾਲੀ ਆਗੂ ਨੂੰ ਵੀ ਭਾਜਪਾ ਵਿੱਚ ਲੈਜਾਣ ਦੀ ਤਿਆਰੀ ਹੋ ਗਈ ਸੀ ਪ੍ਰੰਤੂ ਖਬਰ ਲੀਕ ਹੋਣ ਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਯਤਨ ਨਾਲ ਇਹ ਐਲਾਨ ਰੁੱਕ ਗਿਆ। ਅਕਾਲੀ ਹਲਕਿਆਂ ਅਨੁਸਾਰ ਹੁਣ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਕਾਲੀ ਦਲ ਬਾਦਲ ਛੱਡ ਚੁੱਕੇ ਟਕਸਾਲੀ ਅਕਾਲੀ ਆਗੂਆਂ ਨੂੰ ਪਾਰਟੀ ਵਿੱਚ ਵਾਪਸ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਅਕਾਲੀ ਆਗੂ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਤਖ਼ਤ ਸ਼੍ਰੀ ਪਟਨਾ ਸਾਹਿਬ ਵਿਖੇ ਹੋਣ ਸਮਾਗਮਾਂ ਦਾ ਸੱਦਾ ਪੱਤਰ ਦੇਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਸਨ ਅਤੇ ਉਹਨਾਂ ਦੇ ਨਾਲ ਤਖਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਵੀ ਸਨ।