ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਬਿਕਰਮ ਸਿੰਘ ਮਜੀਠੀਆ ਖਿਲਾਫ ਮਾਮਲਾ ਬਿਨਾਂ ਸਬੂਤਾਂ ਦੇ -ਕੇਸ ਦਰਜ ਕਰਨਾ ਲੋਕਤੰਤਰ ਦੇ ਵਿਰੁੱਧ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਮਾਮਲਾ ਦਰਜ ਹੋਣ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਡਰੱਗ ਮਾਮਲੇ ਦੀ ਜਾਂਚ ਰਿਪੋਰਟ ਦਾ ਸੀਲਬੰਦ ਲਿਫਾਫਾ ਅਜੇ ਹਾਈ ਕੋਰਟ ਵਿਚ ਹੈ। ਇਸ ਨੂੰ ਖੋਲ੍ਹਿਆ ਵੀ ਨਹੀਂ ਗਿਆ। ਕਿਸੇ ਨਾਲ ਦੁਸ਼ਮਣੀ ਕੱਢਣ ਲਈ ਬਿਨਾਂ ਸਬੂਤਾਂ ਦੇ ਅਜਿਹਾ ਕਰਨਾ ਮਨਜ਼ੂਰ ਨਹੀਂ ਹੈ ਕਿਉਂਕਿ ਦੇਸ਼ ਵਿੱਚ ਕਾਨੂੰਨ ਦਾ ਰਾਜ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਿਕਰਮ ਮਜੀਠੀਆ ਨੂੰ ਝੂਠਾ ਫਸਾਇਆ ਜਾ ਰਿਹਾ ਹੈ। ਜੇਕਰ ਉਸਦੇ ਖਿਲਾਫ ਕੋਈ ਸਬੂਤ ਨਹੀਂ ਹੈ ਤਾਂ ਉਸਨੂੰ ਗ੍ਰਿਫਤਾਰ ਕਿਵੇਂ ਕੀਤਾ ਜਾਵੇਗਾ। ਕਿਸੇ ਨਾਲ ਦੁਸ਼ਮਣੀ ਕੱਢਣ ਲਈ ਕੇਸ ਦਰਜ ਕਰਨਾ ਲੋਕਤੰਤਰ ਦੇ ਵਿਰੁੱਧ ਹੈ। ਕੈਪਟਨ ਨੇ ਕਿਹਾ ਕਿ ਜਿਸ ਵਿਅਕਤੀ ਨੇ ਗੁੰਡਾਗਰਦੀ ਕੀਤੀ ਹੈ, ਉਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਦੇ ਕਹਿਣ ‘ਤੇ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਕੈਪਟਨ ਨੇ ਕਿਹਾ ਕਿ ਜੇਕਰ ਮਜੀਠੀਆ ਐਫਆਈਆਰ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਹੋ ਜਾਂਦਾ ਹੈ ਤਾਂ ਉਹ ਅਗਲੇ ਦਿਨ ਜ਼ਮਾਨਤ ‘ਤੇ ਬਾਹਰ ਆ ਜਾਵੇਗਾ ਕਿਉਂਕਿ ਸਰਕਾਰ ਕੋਲ ਕੋਈ ਸਬੂਤ ਨਹੀਂ ਹੈ।