ਪੰਜਾਬ ਦੇ ਮੁੱਦੇ ਇਕ-ਇਕ ਕਰਕੇ ਹੱਲ ਕੀਤੇ ਜਾਣਗੇ – ਚੰਨੀ
ਨਿਊਜ਼ ਪੰਜਾਬ
ਬਿਆਸ, 20 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਪੰਜਾਬ ਨਾਲ ਸਬੰਧਤ ਸਾਰੇ ਮੁੱਦਿਆਂ ਨੂੰ ਇੱਕ-ਇੱਕ ਕਰਕੇ ਹੱਲ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਦਾ ਅਗਲਾ ਟੀਚਾ ‘ਕੇਬਲ ਨੈੱਟਵਰਕ’ ਹੈ ਅਤੇ ਇਸ ਸਬੰਧ ਵਿੱਚ ਜਲਦੀ ਹੀ ਕਾਰਵਾਈ ਨਜ਼ਰ ਆਵੇਗੀ।
ਭਲਾਈ ਕਾਰਜਾਂ ਅਤੇ ਸਕੀਮਾਂ ਪ੍ਰਤੀ ਆਪਣੇ ਦ੍ਰਿੜ ਸੰਕਲਪ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਹਿਮ ਖੇਤਰਾਂ ਵਿੱਚ ਠੋਸ ਫੈਸਲੇ ਲਏ ਹਨ ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਬਿਜਲੀ, ਰੇਤਾ ਅਤੇ ਬਜਰੀ ਸਸਤੀ ਕਰਨਾ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ, ਬਿਜਲੀ ਦਰਾਂ ਵਿੱਚ ਕਟੌਤੀ ਕਰਨ ਸਮੇਤ ਕਈ ਲੋਕ ਪੱਖੀ ਕਦਮ ਸ਼ਾਮਲ ਹਨ।
ਬਿਆਸ ਵਿਖੇ ਹਲਕਾ ਵਿਧਾਇਕ ਸ ਸੰਤੋਖ ਸਿੰਘ ਭਲਾਈਪੁਰ ਵੱਲੋਂ ਕਰਵਾਏ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਅਤੇ ਬੇਅਦਬੀ ਦੇ ਮਾਮਲਿਆਂ ਨੂੰ ਵੀ ਪਹਿਲ ਦੇ ਆਧਾਰ ਲੈਂਦਿਆਂ ਅਸਲ ਦੋਸ਼ੀਆਂ ਵਿਰੱਧ ਜਲਦ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।
ਆਮ ਆਦਮੀ ਪਾਰਟੀ ਅਤੇ ਅਕਾਲੀ-ਭਾਜਪਾ ਗਠਜੋੜ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਝੂਠੇ ਵਾਅਦੇ ਕਰਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਤੋਂ ਸਿਵਾਏ ਕੱਖ ਨਹੀਂ ਕੀਤਾ ਉਨ੍ਹਾਂ ਕਿਹਾ ਕਿ ਮੁਫਤ ਬਿਜਲੀ ਦੇਣ ਦਾ ‘ਆਪ’ ਦਾ ਐਲਾਨ ਸਰਾਸਰ ਝੂਠ ਦਾ ਪੁਲੰਦਾ ਹੈ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੇ ਰਾਜ ਵਿੱਚ ਬਿਕਰਮ ਸਿੰਘ ਮਜੀਠੀਆ ਵੱਲੋਂ ਸੌਰ ਬਿਜਲੀ 17.38 ਰੁਪਏ ਵਿੱਚ ਲੈਣ ਦੇ ਕਰਾਰ ਕੀਤੇ ਗਏ ਸਨ ਜਿਹੜੇ ਕਿ ਪੰਜਾਬ ਸਰਕਾਰ ਵੱਲੋਂ ਰੱਦ ਕਰ ਦਿੱਤੇ ਗਏ ਹਨ ਅਤੇ ਹੁਣ ਬਿਜਲੀ 2.38 ਰੁਪਏ ਦੇ ਹਿਸਾਬ ਨਾਲ ਖਰੀਦੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਅਜਿਹੇ ਫੈਸਲੇ ਨਾਲ ਕਰੀਬ 1700 ਕਰੋੜ ਰੁਪਏ ਸਾਲਾਨਾ ਇਨ੍ਹਾਂ ਲੋਕਾਂ ਨੂੰ ਜਾਂਦਾ ਸੀ ਜਿਹੜਾ ਕਿ ਪੰਜਾਬ ਦੋ ਲੋਕਾਂ ਨਾਲ ਸਰਾਸਰ ਧੋਖਾ ਸੀ। ਉਨ੍ਹਾਂ ਕਿਹਾ ਕਿ ਕੇਬਲ ਨੈਟਵਰਕ ਦੇ ਨਾਲ-ਨਾਲ ਬੇਅਦਬੀ ਦੇ ਮਾਮਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਠੋਸ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾ ਸਕੇ ਅਤੇ ਅਸਲ ਦੋਸ਼ੀਆਂ ਨੂੰ ਫੜਿਆ ਜਾ ਸਕੇ।
ਤਿੰਨ ਖੇਤੀ ਕਾਨੂੰਨਾਂ ‘ਤੇ ਕੇਂਦਰ ਸਰਕਾਰ ‘ਤੇ ਵਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਕੇ ਕੁਝ ਵੀ ਅਲਹਿਦਾ ਕੰਮ ਨਹੀਂ ਕੀਤਾ ਸਗੋਂ ਅਜਿਹੇ ਕਾਲੇ ਕਾਨੂੰਨਾਂ ਨੂੰ ਲਿਆਉਣ ਦੀ ਲੋੜ ਹੀ ਨਹੀਂ ਸੀ ਅਤੇ ਇਨ੍ਹਾਂ ਨੂੰ ਰੱਦ ਕਰਨ ਵਿੱਚ ਬੇਵਜ੍ਹਾ ਦੇਰੀ ਕੀਤੀ ਗਈ । ਕਿਸਾਨਾਂ ਨੇ ਅੰਦੋਲਨ ਦੌਰਾਨ ਬਹੁਤ ਦੁੱਖ ਝੱਲੇ ਅਤੇ ਇਸ ਸੰਘਰਸ਼ ਵਿੱਚ ਆਪਣੀਆਂ ਜਾਨਾਂ ਵੀ ਗਵਾਈਆਂ। ਉਨ੍ਹਾਂ ਲੋਕਾਂ ਨੂੰ ਇਨ੍ਹਾਂ ਪਾਰਟੀਆਂ ਦੇ ਨਾਪਾਕ ਮਨਸੂਬਿਆਂ ਤੋਂ ਸੁਚੇਤ ਰਹਿਣ ਦੀ ਚਿਤਾਵਨੀ ਵੀ ਦਿੱਤੀ।
ਬਿਆਸ, ਬਾਬਾ ਬਕਾਲਾ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਹੋਰ ਹੁਲਾਰਾ ਦੇਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਸ੍ਰੀ ਚੰਨੀ ਨੇ ਕਿਹਾ ਕਿ ਬਿਆਸ ਵਿਖੇ 10 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਆਈ.ਟੀ.ਆਈ. ਜਲਦੀ ਹੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਨੇ ਵਿਧਾਨ ਸਭਾ ਹਲਕੇ ਦੀਆਂ ਪੰਚਾਇਤਾਂ ਲਈ 10 ਕਰੋੜ ਅਤੇ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਲਈ 5 ਕਰੋੜ ਰੁਪਏ ਵਿਕਾਸ ਕਾਰਜਾਂ ਲਈ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਰਈਆ ਦੇ ਵਿਕਾਸ ਕਾਰਜਾਂ ਲਈ 2 ਕਰੋੜ ਰੁਪਏ ਦੇਣ ਦੇ ਨਾਲ-ਨਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਰਈਆ ਤੋਂ ਡੇਰਾ ਬਾਬਾ ਨਾਨਕ ਤੱਕ ਚਾਰ ਮਾਰਗੀ ਸੜਕੀ ਸੰਪਰਕ ਲਈ ਜ਼ਮੀਨ ਐਕੁਆਇਰ ਕਰਨ ਦੇ ਬਦਲੇ ਵਾਜਬ ਦਰ ਨਾਲ ਇੱਕ ਵਿਸਥਾਰਤ ਪ੍ਰਸਤਾਵ ਤਿਆਰ ਕਰਨ ਲਈ ਕਿਹਾ। ਉਨ੍ਹਾਂ ਬਾਬਾ ਬਕਾਲਾ ਅਤੇ ਸਠਿਆਲਾ ਮੰਡੀਆਂ ਲਈ ਸ਼ੈੱਡਾਂ ਦਾ ਐਲਾਨ ਕਰਨ ਤੋਂ ਇਲਾਵਾ ਇਲਾਕੇ ਵਿੱਚ 10 ਕਿਲੋਮੀਟਰ ਲੰਬੀਆਂ ਸੜਕਾਂ ਅਤੇ ਢੁਕਵੀਂ ਥਾਂ ’ਤੇ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ।
ਇਸ ਮੌਕੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਤਰਸੇਮ ਸਿੰਘ ਡੀ.ਸੀ., ਮਾਰਕੀਟ ਕਮੇਟੀਆਂ ਦੇ ਚੇਅਰਮੈਨ ਬਲਕਾਰ ਸਿੰਘ, ਪਿੰਦਰਜੀਤ ਸਿੰਘ, ਗੁਰਦਿਆਲ ਸਿੰਘ ਢਿੱਲੋਂ ਅਤੇ ਯੁਵਰਾਜ ਸਿੰਘ ਆਦਿ ਹਾਜ਼ਰ ਸਨ।