ਬਸੇਰਾ ਸਕੀਮ ਤਹਿਤ ਪ੍ਰਸ਼ਾਸ਼ਨ ਵੱਲੋਂ 592 ਪਰਿਵਾਰਾਂ ਨੂੰ ਦਿਵਾਲੀ ਦੇ ਤੋਹਫੇ ਵਜੋਂ ਮਾਲਕਾਨਾ ਹੱਕ ਸਰਟੀਫਿਕੇਟ ਕੀਤੇ ਸਪੁਰਦ
ਨਿਊਜ਼ ਪੰਜਾਬ
ਲੁਧਿਆਣਾ, 02 ਨਵੰਬਰ – ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬਾਬਾ ਜੀਵਨ ਸਿੰਘ ਨਗਰ, ਦੀਪ ਨਗਰ ਅਤੇ ਭੋਲਾ ਕਲੋਨੀ ਵਿੱਚ ਵਸਦੇ 592 ਪਰਿਵਾਰਾਂ ਨੂੰ ਅੱਜ ਦੀਵਾਲੀ ਦੇ ਤੋਹਫੇ ਵਜੋਂ ਮਾਲਕਾਨਾ ਹੱਕ ਦੇ ਸਰਟੀਫਿਕੇਟ ਸੌਂਪੇ।
ਇੱਕ ਸਾਦੇ ਸਮਾਗਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਸੰਦੀਪ ਕੁਮਾਰ, ਐਸ.ਡੀ.ਐਮ. ਪੂਰਬੀ ਡਾਕਟਰ ਵਿਨੀਤ ਕੁਮਾਰ ਅਤੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀ ਅੰਕੁਰ ਮਹਿੰਦਰੂ ਦੀ ਅਗਵਾਈ ਵਿੱਚ ਪ੍ਰਸ਼ਾਸਨ ਦੀ ਟੀਮ ਨੇ ਉਨ੍ਹਾਂ ਨੂੰ ਜਾਇਦਾਦ ਦੇ ਮਾਲਕਾਨਾ ਹੱਕ ਪ੍ਰਦਾਨ ਕੀਤੇ।
ਸ੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਝੁੱਗੀ-ਝੌਂਪੜੀ ਵਿੱਚ ਰਹਿ ਰਹੇ ਇਨ੍ਹਾਂ ਲੋਕਾਂ ਨੂੰ ਆਪਦਾ ਘਰ ਮੁਹੱਈਆ ਕਰਵਾਉਣ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ।
ਉਨ੍ਹਾਂ ਬਸੇਰਾ ਪ੍ਰੋਗਰਾਮ ਨੂੰ ਸ਼ਹਿਰ ਦੇ ਕਿਸੇ ਵੀ ਖੇਤਰ ਦੀ ਝੁੱਗੀ-ਝੌਂਪੜੀ ਵਿੱਚ ਰਾਜ ਸਰਕਾਰ ਦੀ ਜ਼ਮੀਨ ‘ਤੇ ਵਸਦੇ ਹਰੇਕ ਝੁੱਗੀ-ਝੌਂਪੜੀ ਵਾਲੇ ਪਰਿਵਾਰ ਨੂੰ ਮਾਲਕੀ ਦੇ ਅਧਿਕਾਰ ਦੇ ਕੇ ਸ਼ਹਿਰੀ ਵਿਕਾਸ ਵੱਲ ਇੱਕ ਮਹੱਤਵਪੂਰਨ ਕਦਮ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਪੰਜਾਬ ਅਜਿਹਾ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਦਾ ਉਦੇਸ਼ ਸ਼ਹਿਰੀ ਝੁੱਗੀ-ਝੌਂਪੜੀ ਵਾਲੇ ਖੇਤਰਾਂ ਨੂੰ ਪੀਣ ਯੋਗ ਪੀਣ ਵਾਲਾ ਪਾਣੀ, ਸਟਰੀਟ ਲਾਈਟਾਂ ਅਤੇ ਪੱਕੀਆਂ ਸੜਕਾਂ ਸਮੇਤ ਬੁਨਿਆਦੀ ਸ਼ਹਿਰੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਸ ਸਕੀਮ ਤਹਿਤ ਝੁੱਗੀ-ਝੌਂਪੜੀ ਵਾਲੇ ਖੇਤਰਾਂ ਵਿੱਚ ਵੱਧ ਤੋਂ ਵੱਧ 30 ਵਰਗ ਗਜ਼ ਦੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਕਾਨ ਦੀ ਮਾਲਕੀ ਦਾ ਲਾਭ ਮਿਲੇਗਾ।
ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਕੀਮ ਦਾ ਲਾਭ ਹਰੇਕ ਝੁੱਗੀ-ਝੌਂਪੜੀ ਵਾਲੇ ਨੂੰ ਮਿਲਣਾ ਯਕੀਨੀ ਬਣਾਇਆ ਜਾਵੇ, ਜਿਸ ਨਾਲ ਲੁਧਿਆਣਾ ਝੁੱਗੀ-ਝੌਂਪੜੀ ਮੁਕਤ ਹੋ ਜਾਵੇਗਾ ਅਤੇ ਹਰ ਕੋਈ ਆਰਾਮਦਾਇਕ ਜੀਵਨ ਬਤੀਤ ਕਰੇਗਾ।
ਇਸ ਮੌਕੇ ਕੰਵਲਜੀਤ ਬੌਬੀ, ਵਿਧਾਇਕ ਸ੍ਰੀ ਸੰਜੇ ਤਲਵਾੜ ਦੇ ਸਪੁੱਤਰ ਕੁੰਵਰ ਤਲਵਾੜ, ਕਪਿਲ ਮਹਿਤਾ, ਗੁਰਜੋਤ ਸਿੰਘ, ਸਾਗਰ ਉੱਪਲ, ਪੁਨੀਤ ਸ਼ਰਮਾ, ਗੋਲਡੀ ਸ਼ਰਮਾ, ਲੱਕੀ ਮੱਕੜ, ਰਿੰਕੁ ਕੁਮਾਰ ਤੇ ਵੱਡੀ ਗਿਣਤੀ ਵਿੱਚ ਲਾਭਪਾਤਰੀ ਮੌਜੂਦ ਸਨ।