ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਐਸ.ਆਰ.ਐਸ. ਪੋਲੀਟੈਕਨਿਕ ਕਾਲਜ਼ ਵਿਖੇ ਕਾਊਂਸਲਿੰਗ ਸੈਸ਼ਨ ਆਯੋਜਿਤ
ਨਿਊਜ਼ ਪੰਜਾਬ
ਲੁਧਿਆਣਾ, 02 ਨਵੰਬਰ – ਵੱਧ ਤੋਂ ਵੱਧ ਨੌਜਵਾਨ ਮੁਫਤ ਆਨਲਾਈਨ ਕੋਚਿੰਗ ਦਾ ਲਾਭ ਪਾਉਣ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਦੁਆਰਾ ਚਲਾਏ ਜਾਂਦੇ ਪ੍ਰੋਗਰਾਮਾਂ ਦਾ ਲਾਹਾ ਪ੍ਰਾਪਤ ਕਰਨ ਨੂੰ ਯਕੀਨੀ ਬਣਾਉਣ ਲਈ, ਡਿਪਟੀ ਸੀ.ਈ.ਓ. ਸ੍ਰੀ ਨਵਦੀਪ ਸਿੰਘ ਅਤੇ ਕਰੀਅਰ ਕਾਉਂਸਲਰ ਨਿਧੀ ਸਿੰਘੀ ਦੀ ਅਗਵਾਈ ਵਿੱਚ ਡੀ.ਬੀ.ਈ.ਈ. ਦੀ ਟੀਮ ਨੇ ਇੱਕ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਰੋਬਾਰ ਮਿਸ਼ਨ ਤਹਿਤ ਸਥਾਨਕ ਐਸ.ਆਰ.ਐਸ. ਪੋਲੀਟੈਕਨਿਕ ਕਾਲਜ ਵਿੱਚ ਕਾਉਂਸਲਿੰਗ ਸੈਸ਼ਨ ਦਾ ਆਯੋਜਨ ਕੀਤਾ।
ਡਿਪਟੀ ਸੀ.ਈ.ਓ. ਸ੍ਰੀ ਨਵਦੀਪ ਸਿੰਘ ਅਤੇ ਕਰੀਅਰ ਕਾਉਂਸਲਰ ਨਿਧੀ ਸਿੰਘੀ ਨੇ ਵਿਦਿਆਰਥੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ, ਘਰ-ਘਰ ਰੋਜ਼ਗਾਰ ਪ੍ਰੋਗਰਾਮ, ਪੰਜਾਬ ਹੁਨਰ ਵਿਕਾਸ ਮਿਸ਼ਨ ਦੁਆਰਾ ਹੁਨਰ ਕੋਰਸਾਂ, ਮੁਫਤ ਇੰਟਰਨੈਟ, ਮੁਫਤ ਲਾਇਬ੍ਰੇਰੀ ਦੀ ਸਹੂਲਤ ਬਾਰੇ ਸੂਚਨਾਵਾਂ ਪ੍ਰਾਪਤ ਕਰਨ ਲਈ ਲਿੰਕ www.pgrkam.com ‘ਤੇ ਰਜਿਸਟ੍ਰੇਸ਼ਨ ਬਾਰੇ ਵਿਸਥਾਰਪੂਰਵਕ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ, ਨੌਕਰੀ ਦੀ ਜ਼ਿੰਮੇਵਾਰੀ ਅਤੇ ਉਨ੍ਹਾਂ ਲਈ ਵੱਖ-ਵੱਖ ਕਰੀਅਰ ਵਿਕਲਪਾਂ ਬਾਰੇ ਵੀ ਮਾਰਗਦਰਸ਼ਨ ਕੀਤਾ।
ਕਾਊਂਸਲਿੰਗ ਸੈਸ਼ਨ ਵਿੱਚ 96 ਵਿਦਿਆਰਥੀਆਂ ਨੇ ਭਾਗ ਲਿਆ। ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਐਮ.ਪੀ.ਸਿੰਘ ਨੇ ਡੀ.ਬੀ.ਈ.ਈ. ਦੀ ਟੀਮ ਦਾ ਸਵਾਗਤ ਕੀਤਾ ਅਤੇ ਕਾਲਜ ਵਿੱਚ ਸੈਸ਼ਨ ਦਾ ਆਯੋਜਨ ਕਰਨ ਲਈ ਧੰਨਵਾਦ ਕੀਤਾ।