ਨਗਰ ਨਿਗਮ ਕਮਿਸ਼ਨਰ ਵੱਲੋਂ ਚੱਲੇ ਰਹੇ ਕੰਮਾਂ ‘ਚ ਅਣਗਹਿਲੀ ਵਰਤੇ ਜਾਣ ‘ਤੇ ਠੇਕੇਦਾਰਾਂ ਨੂੰ ਜਾਰੀ ਕੀਤੇ ਕਾਰਨ ਦੱਸੋ ਨੋਟਿਸ
ਲੁਧਿਆਣਾ, 21 ਅਕਤੂਬਰ –
ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਅੱਜ ਦੋ ਠੇਕੇਦਾਰਾਂ, ਕਬੀਰ ਕੰਸਟਰਕਸ਼ਨ ਕੰਪਨੀ ਅਤੇ ਸੁਰੇਸ਼ ਕੁਮਾਰ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤੇ ਗਏ ਜਿਨ੍ਹਾ ਵੱਲੋਂ ਸ਼ਿਵਾਜੀ ਨਗਰ ਅਤੇ ਹੈਬੋਵਾਲ ਵਿਖੇ ਚੱਲ ਰਹੇ ਕਾਰਜਾਂ ਦੌਰਾਨ ਅਣਗਹਿਲੀ ਵਰਤੀ ਗਈ ਅਤੇ ਰਾਹ ਜਾਂਦੇ ਯਾਤਰੀ ਦੁਰਘਟਨਾ ਦੇ ਸ਼ਿਕਾਰ ਹੋਏ।
ਨੋਟਿਸਾਂ ਵਿੱਚ, ਕਮਿਸ਼ਨਰ ਨੇ ਉਨ੍ਹਾਂ ਨੂੰ ਜਵਾਬ ਦਾਖਲ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ ਅਤੇ ਜੇਕਰ ਉਹ ਜਵਾਬ ਦੇਣ ਵਿੱਚ ਅਸਫਲ ਰਹਿੰਦੇ ਹਨ ਜਾਂ ਕੋਈ ਤਸੱਲੀਬਖਸ਼ ਸਪਸ਼ਟੀਕਰਨ ਨਹੀਂ ਦਿੰਦੇ ਹਨ, ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕਬੀਰ ਕੰਸਟਰਕਸ਼ਨ ਕੰਪਨੀ ਵੱਲੋਂ ਨਿਊ ਸ਼ਿਵਾਜੀ ਨਗਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੰਮ ਚੱਲ ਰਿਹਾ ਸੀ ਅਤੇ ਉਸ ਵੱਲੋਂ ਉਸਾਰੀ ਦੇ ਕੰਮ ਸਬੰਧੀ ਕੋਈ ਸਾਈਨ ਬੋਰਡ ਜਾਂ ਬੈਰੀਕੇਡ ਨਹੀਂ ਲਗਾਏ ਗਏ ਸਨ ਜਿਸ ਕਾਰਨ ਐਕਟਿਵਾ ਸਵਾਰ ਬੁਰੀ ਤਰ੍ਹਾਂ ਸੜ੍ਹਕ ‘ਤੇ ਡਿੱਗ ਪਿਆ।
ਇਸੇ ਤਰ੍ਹਾਂ, ਇੱਕ ਪਿਉ-ਪੱਤਰ ਹੈਬੋਵਾਲ ਵਿਖੇ ਇੱਕ ਸੜਕ ਦੁਰਘਟਨਾ ਦਾ ਸ਼ਿਕਾਰ ਹੋਏ ਜਿੱਥੇ ਸੁਰੇਸ਼ ਕੁਮਾਰ ਠੇਕੇਦਾਰ ਕੰਮ ਚਲਾ ਰਿਹਾ ਸੀ।
ਸ੍ਰੀ ਸੱਭਰਵਾਲ ਨੇ ਕਿਹਾ ਕਿ ਦੋਵਾਂ ਘਟਨਾਵਾਂ ਤੋਂ, ਇਹ ਜਾਪਦਾ ਹੈ ਕਿ ਦੋਵੇਂ ਠੇਕੇਦਾਰ ਨਿਰਮਾਣ ਸਥਾਨਾਂ ‘ਤੇ ਨਿਗਮ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੇ ਹਨ।