ਲੁਧਿਆਣਾ ਪੁਲਿਸ ਵੱਲੋਂ ਖੋਹ ਕਰਨ ਵਾਲੇ ਮਹਿਲਾ ਗਿਰੋਹ ਦਾ ਪਰਦਾਫਾਸ਼ ਕਰਦਿਆਂ, ਤਿੰਨ ਔਰਤਾਂ ਸਮੇਤ ਚਾਰ ਮੁਲਜ਼ਮ ਕਾਬੂ

ਸੋਨੇ ਦੀਆਂ ਚੂੜੀਆਂ, ਬ੍ਰੈਸਲੇਟ, ਚੇਨ ਤੇ ਇੱਕ ਸਵਿਫਟ ਕਾਰ ਵੀ ਕੀਤੀ ਬ੍ਰਾਮਦ
-ਮੁਲਜ਼ਮਾਂ ਦੀ ਗ੍ਰਿਫਤਾਰੀ ਨਾਲ, ਪੰਜਾਬ ਤੇ ਹਰਿਆਣਾ ‘ਚ 100 ਤੋਂ ਵੱਧ ਲੁੱਟ ਦੀਆਂ ਵਾਰਦਾਤਾਂ ਨੂੰ ਕੀਤਾ ਹੱਲ – ਸੀ.ਪੀ. ਗੁਰਪੀ੍ਰਤ ਸਿੰਘ ਭੁੱਲਰ
ਲੁਧਿਆਣਾ, 25 ਅਕਤੂਬਰ –

ਕਮਿਸ਼ਨਰੇਟ ਪੁਲਿਸ ਨੇ ਅੱਜ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਸਰਗਰਮ ਇੱਕ ਖੋਹ ਕਰਨ ਵਾਲੇ ਮਹਿਲਾ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਜਿਨ੍ਹਾਂ ਵਿੱਚ ਤਿੰਨ ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹੈ। ਇਸ ਤੋਂ ਇਲਾਵਾ ਇਨ੍ਹਾ ਪਾਸੋਂ ਸੋਨੇ ਦੀਆਂ ਚੂੜੀਆਂ, ਬ੍ਰੈਸਲੇਟ, ਚੇਨ ਅਤੇ ਸਵਿਫਟ ਕਾਰ ਵੀ ਬਰਾਮਦ ਕੀਤੀ ਹੈ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਸੰਗਰੂਰ ਦੇ ਪਿੰਡ ਜਲਾਣ ਦੀ ਜੀਤੋ (60), ਗੋਗਾ (45), ਰੱਜੀ (40) ਪਿੰਡ ਸ਼ੀਤਣਵਾਲ ਅਤੇ ਪਟਿਆਲਾ ਦੇ ਪਿੰਡ ਰੌਟੀ ਛੰਨਾ ਦੇ ਸੁਖਚੈਨ ਸਿੰਘ (38) ਵਜੋਂ ਹੋਈ ਹੈ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜੀਤੋ ਗਿਰੋਹ ਦੀ ਸਰਗਨਾ ਹੈ ਅਤੇ ਉਸ ‘ਤੇ ਵੱਖ-ਵੱਖ ਥਾਣਿਆਂ ‘ਚ ਚਾਰ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਭਗੌੜੀ ਵੀ ਹੈ। ਗੋਗਾ ਨੂੰ ਕ੍ਰਮਵਾਰ ਛੇ ਅਤੇ ਤਿੰਨ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸੁਖਚੈਨ ਸਿੰਘ ਅਤੇ ਰੱਜੀ ਵਿਰੁੱਧ ਵੀ ਪਹਿਲਾਂ ਇੱਕ-ਇੱਕ ਮਾਮਲਾ  ਦਰਜ਼ ਹੈ।

ਮੁਲਜ਼ਮਾਂ ਬਾਰੇ ਖੁਲਾਸਾ ਕਰਦੇ ਹੋਏ, ਕਮਿਸ਼ਨਰ ਨੇ ਦੱਸਿਆ ਕਿ ਜੀਤੋ, ਗੋਗਾ ਅਤੇ ਰੱਜੀ ਵੱਲੋਂ ਵਿਸ਼ੇਸ਼ ਤੌਰ ‘ਤੇ ਬਜ਼ੁਰਗ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾਂਦਾ ਸੀ, ਜਿਸ ਵਿੱਚ ਉਨ੍ਹਾਂ ਨੂੰ ਲਿਫਟ ਦੇਣ ਦੇ ਬਹਾਨੇ ਜਾਂ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਉਨ੍ਹਾਂ ਦੀਆਂ ਰਿਸ਼ਤੇਦਾਰ ਹੋਣ ਦੇ ਝੂੱਠੇ ਦਾਅਵੇ ਕੀਤੇ ਜਾਂਦੇ ਸਨ।

ਉਨ੍ਹਾਂ ਕਿਹਾ ਕਿ ਇਸ ਗਿਰੋਹ ਨੇ ਲੁਧਿਆਣਾ, ਜਲੰਧਰ ਦਿਹਾਤੀ, ਅੰਮ੍ਰਿਤਸਰ, ਕਰਤਾਰਪੁਰ, ਮੋਗਾ, ਖੰਨਾ, ਜਗਰਾਉਂ, ਹੁਸ਼ਿਆਰਪੁਰ ਅਤੇ ਹਰਿਆਣਾ ਸੂਬੇ ਵਿੱਚ 100 ਤੋਂ ਵੱਧ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।

ਸ੍ਰੀ ਭੁੱਲਰ ਨੇ ਦੱਸਿਆ ਕਿ ਸੀ.ਆਈ.ਏ. ਸਟਾਫ-1 ਨੂੰ ਮੁਲਜ਼ਮਾਂ ‘ਤੇ ਕਾਬੂ ਪਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਸ ਤੋਂ ਬਾਅਦ ਟੀਮ ਨੇ ਮਾਮਲਿਆਂ ਦੀ ਪੇਸ਼ੇਵਰ ਤਰੀਕੇ ਨਾਲ ਜਾਂਚ ਕੀਤੀ ਅਤੇ ਮੁਲਜ਼ਮਾਂ ਦੀਆਂ ਗਤੀਵਿਧੀਆਂ ਬਾਰੇ ਪੁਖਤਾ ਵੇਰਵੇ ਹਾਸਲ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ।

ਉਨ੍ਹਾਂ ਦੱਸਿਆ ਕਿ ਇਤਲਾਹ ਮਿਲਣ ‘ਤੇ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਗੋਂਸਪੁਰ ਵਿਖੇ ਜਾਲ ਵਿਛਾ ਕੇ ਇਨ੍ਹਾਂ ਨੂੰ ਕਾਬੂ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਪਾਸੋਂ ਅੱਠ ਸੋਨੇ ਦੀਆਂ ਚੂੜੀਆਂ, ਦੋ ਸੋਨੇ ਦੇ ਕੜੇ, ਇੱਕ ਸੋਨੇ ਦੀ ਚੇਨ, ਅਪਰਾਧ ਵਿੱਚ ਵਰਤੀ ਗਈ ਸਵਿਫਟ ਕਾਰ, ਜਾਅਲੀ ਆਰਸੀਆਂ, ਨੰਬਰ ਪਲੇਟਾਂ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ।

ਪੁਲਿਸ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਹ ਗਿਰੋਹ ਸਿਟੀ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਅਜਿਹੀਆਂ 11 ਘਟਨਾਵਾਂ ਵਿੱਚ ਸ਼ਾਮਲ ਸੀ ਅਤੇ ਸਾਰੇ ਮਾਮਲੇ ਸੁਲਝਾ ਲਏ ਗਏ ਹਨ।

ਸ੍ਰੀ ਭੁੱਲਰ ਨੇ ਸੀਆਈਏ ਸਟਾਫ-1 ਟੀਮ ਦੀ ਸ਼ਲਾਘਾ ਕੀਤੀ ਅਤੇ ਗੈਂਗ ਦਾ ਪਰਦਾਫਾਸ਼ ਕਰਨ
ਵਾਲੇ ਪੁਲਿਸ ਕਰਮਚਾਰੀਆਂ ਲਈ ਪ੍ਰਸ਼ੰਸਾ ਪੱਤਰ ਦੇਣ ਦਾ ਵੀ ਐਲਾਨ ਕੀਤਾ।