ਭਾਰਤ ਸਰਕਾਰ ਦਾ ਇੰਗਲੈਂਡ ਨੂੰ ਮੋੜਵਾਂ ਜਵਾਬ – ਲੰਡਨ ਤੋਂ ਆਏ 700 ਯਾਤਰੀਆਂ ਨੂੰ 10 ਦਿਨ ਲਾਜ਼ਮੀ ਕੁਆਰੰਟੀਨ ਵਿੱਚ ਰਹਿਣ ਦੇ ਦਿੱਤੇ ਆਦੇਸ਼

ਨਿਊਜ਼ ਪੰਜਾਬ

ਬ੍ਰਿਟੇਨ ਦੀ ਯਾਤਰਾ ਪਾਬੰਦੀਆਂ ਦਾ ਜਵਾਬ ਦੇਂਦਿਆਂ ਭਾਰਤ ਨੇ 700 ਯਾਤਰੀ ਜੋ ਸੋਮਵਾਰ ਨੂੰ ਲੰਡਨ ਤੋਂ ਦਿੱਲੀ ਪਹੁੰਚੇ ਸਨ, ਨੂੰ ਆਰਟੀਪੀਸੀਆਰ ਟੈਸਟ ਕਰਵਾਉਣ ਤੋਂ ਬਾਅਦ 10 ਦਿਨਾਂ ਦੀ ਲਾਜ਼ਮੀ ਕੁਆਰੰਟੀਨ ਵਿੱਚ ਰਹਿਣ ਦੇ ਆਦੇਸ਼ ਦਿੱਤੇ ਹਨ । ਇਸ ਤੋਂ ਪਹਿਲਾਂ, ਬ੍ਰਿਟੇਨ ਨੇ 4 ਅਕਤੂਬਰ ਤੋਂ ਨਿਯਮਾਂ ਵਿੱਚ ਢਿੱਲ ਦਿੱਤੀ ਸੀ ਪਰ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਅਲੱਗ ਰੱਖਣ ਦੀ ਸ਼ਰਤ ਬਰਕਰਾਰ ਰੱਖੀ ਸੀ।

ਨਵੇਂ ਵੀਜ਼ਾ ਨਿਯਮ ਐਤਵਾਰ ਅੱਧੀ ਰਾਤ ਤੋਂ ਲਾਗੂ ਹੋ ਗਏ ਹਨ। ਇਸ ਤੋਂ ਬਾਅਦ ਬ੍ਰਿਟੇਨ ਤੋਂ ਤਿੰਨ ਉਡਾਣਾਂ ਦਿੱਲ੍ਹੀ ਦੇ ਆਈ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀਆਂ। ਜਹਾਜ਼ ਵਿੱਚ ਲਗਭਗ 700 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ ਬਹੁਤ ਸਾਰੇ ਬ੍ਰਿਟਿਸ਼ ਨਾਗਰਿਕ ਵੀ ਸ਼ਾਮਲ ਹਨ । ਦਿੱਲੀ ਸਰਕਾਰ ਦੀ ਟੀਮ ਹਵਾਈ ਅੱਡੇ ‘ਤੇ ਤਾਇਨਾਤ ਸੀ ਅਤੇ ਉਹਨਾਂ ਇਨ੍ਹਾਂ ਸਾਰੇ ਯਾਤਰੀਆਂ ਦੇ ਠਹਿਰਨ ਦੇ ਸਥਾਨ ਦਾ ਪਤਾ ਦਰਜ ਕੀਤਾ। ਹਰ ਕਿਸੇ ਨੂੰ ਉਨ੍ਹਾਂ ਦੁਆਰਾ ਦੱਸੇ ਸਥਾਨ ‘ਤੇ ਦਸ ਦਿਨਾਂ ਲਈ ਅਲੱਗ ਰਹਿਣਾ ਪਏਗਾ ਅਤੇ ਇਸ ਤੋਂ ਬਾਅਦ ਹੀ ਇਹ ਯਾਤਰੀ ਕਿਤੇ ਆ-ਜਾ ਸਕਣਗੇ. ਦਿੱਲੀ ਸਰਕਾਰ ਦੇ ਕਰਮਚਾਰੀਆਂ ਦੀ ਇਕ ਹੋਰ ਟੀਮ ਇਸ ਗੱਲ ‘ਤੇ ਨਜ਼ਰ ਰੱਖੇਗੀ ਕਿ ਇਹ ਲੋਕ ਕੁਆਰੰਟੀਨ ਨਿਯਮਾਂ ਦੀ ਪਾਲਣਾ ਕਰਦੇ ਹਨ.